ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ 13 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਮਲੇ ਦੇ ਕਮੇਟੀ ਉਪਰ ਕਰੋੜਾਂ ਰੁਪਏ ਬਕਾਏ ਸਬੰਧੀ ਪੰਥਕ ਸੇਵਾ ਦਲ ਨੇ 2004 ਤੋਂ ਲੈ ਕੇ 2022 ਤੱਕ ਦੇ ਪ੍ਰਧਾਨਾਂ ਨੂੰ ਕਮੇਟੀ ਦੀ ਮਾੜੀ ਵਿੱਤੀ ਹਾਲਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਕਰਨ ਤੋਂ ਇਲਾਵਾ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਬਿਆਨਾਂ ਦੇ ਮੱਦੇਨਜ਼ਰ ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਛੇਵਾਂ ਤਨਖ਼ਾਹ ਕਮਿਸ਼ਨ ਨਾ ਦੇ ਕੇ ਸਰਨਾ ਭਰਾਵਾਂ ਨੇ ਕਮੇਟੀ ਉਪਰ ਵਿੱਤੀ ਬੋਝ ਵਧਾਇਆ ਸੀ। ਉਸ ਮਗਰੋਂ ਆਏ ਪ੍ਰਧਾਨਾਂ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਦੀਆਂ ਨੀਤੀਆਂ ਵੀ ਲਟਕਾਊ ਰਹੀਆਂ ਤੇ ਸਕੂਲਾਂ ਦੇ ਅਮਲੇ ਨਾਲ ਇਨਸਾਫ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸੁਸਾਇਟੀ ਦਾ ਜੋ ਮਾਮਲਾ ਇਸ ਵੇਲੇ ਚੱਲ ਰਿਹਾ ਹੈ, ਉਸ ਬਾਬਤ ਉਨ੍ਹਾਂ (ਸ੍ਰੀ ਕੋਛੜ) ਨੇ ਤਤਕਾਲੀ ਪ੍ਰਧਾਨਾਂ ਨੂੰ ਚੇਤਾਇਆ ਵੀ ਸੀ। ਉਨ੍ਹਾਂ ਕਿਹਾ ਕਿ ਹੁਣ ਜਿਸ ਸਥਿਤੀ ’ਚ ਸੁਸਾਇਟੀ ਦਾ ਮੁਕੱਦਮਾ ਪਹੁੰਚਿਆ ਹੈ, ਉਸ ਨਾਲ ਅੱਗੇ ਚੱਲ ਕੇ ਹਾਲਤ ਹੋਰ ਵੀ ਮੁਸ਼ਕਲ ਭਰੇ ਹੋ ਸਕਦੇ ਹਨ। ਸ੍ਰੀ ਕੋਛੜ ਮੁਤਾਬਕ ਬਰਫ਼ ਦੇ ਮੋਟੇ ਬਿੱਲ ਪਾਉਣੇ, ਸਬਜ਼ੀ ਦੇ ਬਿੱਲਾਂ ਦੇ ਮਾਮਲੇ ਤੇ ਕਮੇਟੀ ਦਫ਼ਤਰਾਂ ਦੀ ਸਜਾਵਟ ਲਈ ਗੋਲਕ ਦੇ ਪੈਸੇ ਦੀ ਦੁਰਵਰਤੋਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਵਾਲੀਆ ਹੋਣ ਕਿਨਾਰੇ ਪੁੱਜੀ ਹੈ।