ਪੱਤਰ ਪ੍ਰੇਰਕ
ਨਵੀਂ ਦਿੱਲੀ,16 ਜਨਵਰੀ
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਾਗੋ ਪਾਰਟੀ ਆਪਣੇ ਦਮ ’ਤੇ ਲੜੇਗੀ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਹਾਈ ਕੋਰਟ ’ਚ ਕੀਤੀ ਜਾ ਰਹੀ ਕਾਨੂੰਨੀ ਖੇਡ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੱਥ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਇਸ ਗੱਲ ਨੂੰ ਸਮਝ ਚੁਕਿਆ ਹੈ ਕਿ 2021 ਦੀਆਂ ਕਮੇਟੀ ਚੋਣਾਂ ’ਚ ਦਿੱਲੀ ਦੀ ਸੰਗਤ ਅਕਾਲੀ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਮਨ ਬਣਾ ਚੁੱਕੀ ਹੈ। ਇਸ ਲਈ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਗੁਰੂ ਦੀ ਗੋਲਕ ਤੋਂ ਚੋਟੀ ਦੇ ਵਕੀਲਾਂ ਨੂੰ ਫੀਸਾਂ ਦੇ ਕੇ ਚੋਣਾਂ ਲਮਕਾਉਣ ਦੀ ਵਿਉਂਤਬੰਦੀ ਅਕਾਲੀ ਆਗੂ ਕਰ ਰਹੇ ਹਨ। ਜੀਕੇ ਨੇ ਕਿਹਾ ਕਿ ਇਕ ਪਾਸੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਅਕਾਲੀ ਦਲ ਦਾ ਚੋਣ ਨਿਸ਼ਾਨ ਰੱਦ ਕਰਾਉਣ ਲਈ ਦਿੱਲੀ ਹਾਈ ਕੋਰਟ ’ਚ ਦਲੀਲਾਂ ਦਿੰਦੇ ਹਨ ਪਰ ਉਨ੍ਹਾਂ ਦੀਆਂ ਦਲੀਲਾਂ ਦਾ ਵਿਰੋਧ ਦਿੱਲੀ ਸਰਕਾਰ ਦੇ ਵਕੀਲ ਕਰਦੇ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦਾ ਚੋਣ ਨਿਸ਼ਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਸਬੰਧਤ ਦਿੱਲੀ ਦੇ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬੀ ਭਾਸ਼ਾ ਅਤੇ ਹੋਰ ਮਸਲਿਆਂ ’ਤੇ ਸਿੱਖਾਂ ਨਾਲ ਕੀਤੇ ਜਾ ਰਹੇ ਧੱਕੇ ’ਤੇ ਚੁੱਪ ਹਨ। ਜੀਕੇ ਨੇ ਦਿੱਲੀ ਕਮੇਟੀ ਦੇ ਵਕੀਲ ਵੱਲੋਂ ਦਿੱਲੀ ਹਾਈ ਕੋਰਟ ’ਚ ਦਿੱਲੀ ਸਰਕਾਰ ਨੂੰ ਕਮੇਟੀ ਚੋਣਾਂ ਲਈ ਸਟਾਫ ਤੇ ਫੰਡ ਦੇਣ ਦੀ ਕੀਤੀ ਗਈ ਪੇਸ਼ਕਸ ਦੀ ਨਿਖੇਧੀ ਕੀਤੀ।
ਜੀਕੇ ਨੇ ਖੁਲਾਸਾ ਕੀਤਾ ਕਿ ਦਿੱਲੀ ਸਰਕਾਰ ਨੇ ਪਬਲਿਕ ਸਕੂਲਾਂ ’ਚ ਪੜ੍ਹਦੇ ਘੱਟ ਗਿਣਤੀ ਕੌਮਾਂ ਦੇ ਬੱਚਿਆਂ ਨੂੰ ਫੀਸ ਮੁਆਫ਼ੀ ਅਤੇ ਵਜੀਫ਼ੇ ਆਦਿ ਦੇਣ ਤੋਂ ਕਿਨਾਰਾ ਕਰ ਲਿਆ ਹੈ। ਦਿੱਲੀ ਸਰਕਾਰ ਨੇ ਆਨਲਾਈਨ ਫਾਰਮ ਭਰਨ ਵਾਲੀ ਵੈਬਸਾਈਟ ਤੋਂ ਘੱਟ ਗਿਣਤੀ ਕੌਮਾਂ ਦਾ ਕਾਲਮ ਹਟਾ ਦਿੱਤਾ ਹੈ।
ਜੀਕੇ ਨੂੰ ਸੰਗਤ ਮੂੰਹ ਲਗਾਉਣ ਨੂੰ ਤਿਆਰ ਨਹੀਂ: ਵਿਕਰਮ ਸਿੰਘ ਰੋਹਿਣੀ
ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਜਿਨ੍ਹਾਂ ਨੂੰ ਗੋਲਕ ਚੋਰੀ ਦੇ ਦੋਸ਼ਾਂ ਦੇ ਚੱਲਦੇ ਦਿੱਲੀ ਦੀ ਸੰਗਤ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਅਤੇ ਹੁਣ ਵਿਰੋਧੀ ਦਲ ਵੀ ਜੀਕੇ ਨਾਲ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਉਹ ਪੂਰੀ ਤਰ੍ਹਾਂ ਬੁਖਲਾ ਗਏ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ ਨੇ ਕੀਤਾ। ਵਿਕਰਮ ਸਿੰਘ ਨੇ ਕਿਹਾ ਕਿ ਗੁਰੂ ਦੀ ਗੋਲਕ ਚੋਰੀ ਦੇ ਦੋਸ਼ਾਂ ਮਗਰੋਂ ਬਣਾਈ ਗਈ ਕਮੇਟੀ ਨੇ ਕਈ ਵਾਰ ਜੀਕੇ ਨੂੰ ਜਾਂਚ ਲਈ ਸੱਦਿਆ ਪਰ ਉਹ ਇਕ ਵਾਰ ਵੀ ਪੇਸ਼ ਨਹੀਂ ਹੋਏ। ਜੀਕੇ ਨਵੀਂ ਪਾਰਟੀ ਬਣਾ ਕੇ ਸੰਗਤ ਦੇ ਵਿਚ ਪੁੱਜੇ ਪਰ ਸੰਗਤ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਗੋਲਕ ਦੇ ਪੈਸੇ ਦਾ ਹਿਸਾਬ ਮੰਗਿਆ ਜਾਣ ਲੱਗਾ, ਜਿਸ ਦੇ ਚੱਲਦੇ ਜੀਕੇ ਨੂੰ ਸਮਝ ਆ ਗਿਆ ਕਿ ਉਨ੍ਹਾਂ ਦੇ ਕਮੇਟੀ ਦੇ ਮੁੜ ਕਾਬਜ਼ ਹੋਣ ਦੇ ਸੁਪਨੇ ਕਦੇ ਪੂਰੇ ਨਹੀਂ ਹੋ ਸਕਦੇ, ਇਸ ਲਈ ਉਨ੍ਹਾਂ ਨੇ ਹੋਰਾਂ ਦਲਾਂ ਨਾਲ ਮਿਲ ਕੇ ਚੋਣਾਂ ਲੜਨ ਦੀ ਕੋਸ਼ਿਸ਼ਾਂ ਕੀਤੀਆਂ ਪਰ ਉਸ ਵਿਚ ਵੀ ਸਫ਼ਲਤਾ ਨਾ ਮਿਲਣ ਕਰ ਕੇ ਹੁਣ ਇਕੱਲੇ ਹੀ ਚੋਣਾਂ ਲੜਨ ਦੀ ਗੱਲ ਕਰ ਰਹੇ ਹਨ। ਵਿਕਰਮ ਸਿੰਘ ਨੇ ਕਿਹਾ ਕਿ ਹਾਲਾਂਕਿ ਦਿੱਲੀ ਦੀ ਸੰਗਤ ਪੂਰੀ ਤਰ੍ਹਾਂ ਜਾਗਰੂਕ ਹੈ ਪਰ ਫਿਰ ਵੀ ਸਾਡੀ ਸੰਗਤ ਤੋਂ ਇਹੀ ਗੁਜ਼ਾਰਿਸ਼ ਹੈ ਕਿ ਮਨਜੀਤ ਸਿੰਘ ਜੀਕੇ ਜਿਸ ’ਤੇ ਗੋਲਕ ਚੋਰੀ ਦੇ ਦੋਸ਼ ਹਨ, ਉਹ ਆਪ ਜਾਂ ਉਨ੍ਹਾਂ ਦੀ ਪਾਰਟੀ ਦੇ ਲੋਕ ਸੰਗਤ ਕੋਲ ਆਉਣ ਤਾਂ ਸੰਗਤ ਪਹਿਲਾਂ ਗੁਰੂ ਦੀ ਗੋਲਕ ਦੇ ਇੱਕ-ਇੱਕ ਪੈਸੇ ਦਾ ਹਿਸਾਬ ਜ਼ਰੂਰ ਮੰਗੇ।