ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਸਤੰਬਰ
ਦਿੱਲੀ ਸਰਕਾਰ ਵੱਲੋਂ ਕੌਮੀ ਰਾਜਧਾਨੀ ’ਚ ਵਿਸ਼ਵ ਟੂਰਿਜ਼ਮ ਦਿਵਸ ਕਰੋਨਾਵਾਇਰਸ ਮਹਾਮਾਰੀ ਕਾਰਨ ਸਾਦੇ ਤਰੀਕੇ ਨਾਲ ਮਨਾਇਆ ਗਿਆ।
ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜਿੰਦਰ ਕੁਮਾਰ ਗੌਤਮ ਵਿਸ਼ਵ ਟੂਰਿਜ਼ਮ ਦਿਵਸ ਮੌਕੇ ਦਿੱਲੀ ਸਰਕਾਰ ਦੇ ਸੈਰ-ਸਪਾਟਾ ਮਹਿਕਮੇ ਵੱਲੋਂ ਵਿਕਸਤ ਕੀਤੇ ਹੋਏ ‘ਗਾਰਡਨ ਆਫ਼ ਫਾਈਵ ਸੈਂਸਜ’ ਵਿਖੇ ਹੋਏ ਸਾਦੇ ਸਮਾਗਮ ਵਿੱਚ ਸ਼ਾਮਲ ਹੋਏ। ਸਾਕੇਤ ਵਿਖੇ ਵਿਕਸਤ ਇਸ ਬਾਗ਼ ਅੰਦਰ ‘ਨੇਚਰ ਵਾਕ’ ਦੌਰਾਨ ਸ੍ਰੀ ਗੌਤਮ ਨੇ ਕੁਦਰਤੀ ਸਾਧਨਾਂ ਦੀ ਸਾਂਭ ਤੇ ਸੈਰ-ਸਪਾਟੇ ਨੂੰ ਸਰਕਾਰਾਂ ਵੱਲੋਂ ਦਿੱਤੀ ਜਾਂਦੀ ਅਹਿਮੀਅਤ ਬਾਰੇ ਚਰਚਾ ਕੀਤੀ। ਇਸ ਸਮੇਂ ਟੂਰਿਜ਼ਮ ਮਹਿਕਮੇ ਦੇ ਕਈ ਮੁੱਖ ਅਧਿਕਾਰੀਆਂ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਸਮਾਜ ਦੇ ਪਤਵੰਤੇ ਸੱਜਣ ਤੇ ਬੱਚੇ ਵੀ ‘ਨੇਚਰ ਵਾਕ’ ਵਿੱਚ ਸ਼ਾਮਲ ਹੋਏ। 2020 ਦਾ ਨਾਅਰਾ ‘ਟੂਰਿਜ਼ਮ ਐਂਡ ਰੂਰਲ ਡਿਵਲਮੈਂਟ’ ਪੇਸ਼ ਕੀਤਾ ਗਿਆ ਤੇ ਮੰਤਰੀ ਵੱਲੋਂ ਆਏ ਲੋਕਾਂ ਨੂੰ ਪੌਦੇ ਵੰਡ ਕੇ ਵਾਤਾਵਰਨ ਹਰਿਆਲਾ ਰੱਖਣ ਦਾ ਸੱਦਾ ਦਿੱਤਾ ਗਿਆ। ਦਿੱਲੀ ਵਿੱਚ ਕਈ ਇਤਿਹਾਸਕ ਸਮਾਰਕ ਤੇ ਇਮਾਰਤਾਂ ਸਮੇਤ ਹੋਰ ਰਮਣੀਕ ਸਥਾਨ ਹੋਣ ਕਰਕੇ ਲੱਖਾਂ ਸੈਲਾਨੀ ਕਰੋਨਾ ਸੰਕਟ ਤੋਂ ਪਹਿਲਾਂ ਗੇੜਾ ਮਾਰਦੇ ਰਹੇ ਸਨ ਤੇ ਦਿੱਲੀ ਦੀ ਆਰਥਿਕਤਾ ਵਿੱਚ ਸੈਰ-ਸਪਾਟਾ ਦਾ ਵੀ ਅਹਿਮ ਯੋਗਦਾਨ ਹੈ।
ਵਾਰਡ ਪੱਧਰੀ ਨਿਗਰਾਨ ਕਮੇਟੀ ਦੇ ਕਾਰਜ ਦੀ ਸਮੀਖਿਆ
ਦਿੱਲੀ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਰਾਜਿੰਦਰਪਾਲ ਗੌਤਮ ਵੱਲੋਂ ਰਾਜਧਾਨੀ ਵਿੱਚ ਵਾਰਡ ਪੱਧਰ ਦੀਆਂ ਨਿਗਰਾਨੀ ਕਮੇਟੀਆਂ ਦੇ ਕੰਮ ਦੀ ਸਮੀਖਿਆ ਲਈ ਬੈਠਕ ਲਈ ਗਈ ਤੇ ਕਿਹਾ ਕਿ ਕਮੇਟੀ ਦੇ ਗਠਨ ਨਾਲ ਰਾਸ਼ਨ ਵੰਡ ਪ੍ਰਣਾਲੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ‘ਐੱਨਆਈਸੀ’ ਤੇ ਆਈਟੀ ਮਹਿਕਮੇ ਦੀ ਮਦਦ ਨਾਲ ਲਟਕੇ ਪਏ ਪੈਸ਼ਨਾਂ ਦੇ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਮਹਿਕਮੇ ਨੂੰ ਕੀਤੀ। ਅਧਿਕਾਰੀਆਂ ਤੋਂ ਉਨ੍ਹਾਂ ਰਜਿਸਟਰਡ ਲਾਭਪਾਤਰੀਆਂ, ਗਰਭਵਤੀ ਔਰਤਾਂ, ਬੱਚਿਆਂ ਨੂੰ ਰਾਸ਼ਨ ਵੰਡ ਬਾਰੇ ਸਵਾਲ ਪੁੱਛੇ। ਉਨ੍ਹਾਂ ਅਧਿਕਾਰੀਆਂ ਨੂੰ ਦਫ਼ਤਰਾਂ ਵਿੱਚ ਲੋਕਾਂ ਲਈ ਮੁਹੱਈਆ ਰਹਿਣ ਦੀ ਤਾਕੀਦ ਵੀ ਕੀਤੀ ਗਈ।