ਮਨਧੀਰ ਸਿੰਘ ਦਿਓਲ/ਏਜੰਸੀ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਅਧਿਆਪਕ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ 118 ਅਧਿਆਪਕਾਂ ਨੂੰ ‘ਦਿ ਸਟੇਟ ਟੀਚਰਜ਼’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਤਿਆਗਰਾਜ ਸਟੇਡੀਅਮ ਵਿੱਚ ਕਰਵਾਏ ਪੁਰਸਕਾਰ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹਿਰ ਦੇ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਿਆ ਖੇਤਰ ਦੀ ਬਿਹਤਰੀ ਲਈ ਕੰਮ ਕਰਨਾ ਜਾਰੀ ਰੱਖਣਗੇ ਭਾਵੇਂ ਇਸ ਲਈ ਫਾਂਸੀ ਜਾਂ ਜੇਲ੍ਹ ਕਿਉਂ ਨਾ ਜਾਣਾ ਪਵੇ। ਇਸ ਦੌਰਾਨ ਸਿਸੀਦੀਆ ਨੇ ਕਿਹਾ ਕਿ ਸਰਕਾਰ ਨੂੰ ਸਰਕਾਰੀ ਸਕੂਲਾਂ ਵਿੱਚ ਵਧੇਰੇ ਕਮਰੇ ਤੇ ਪਖਾਨੇ ਬਣਾਉਣ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਮਾਣ ਹੈ। ਇਸ ਦੌਰਾਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਇਕ ਅਧਿਆਪਕਾ ਨੀਰੂ ਵਿੱਜ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਯਤਨ ਸ਼ਲਾਾਘਾ ਯੋਗ ਹਨ। ਵਿੱਜ ਵਸੂੰਧਰਾ ਐਨਕਲੇਬ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਹੈ। ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵੱਲ ਵੀ ਧਿਆਨ ਦਿੱਤਾ ਹੈ। ਇਸ ਤਰ੍ਹਾਂ ਇਕ ਅਧਿਆਪਕਾ ਮਿੰਨੀ ਖੰਨਾ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਿਛਲੇ ਦਹਾਕੇ ਦੌਰਾਨ ਸਿੱਖਿਆ ਨੀਤੀਆਂ ਵਿੱਚ ਹੋਏ ਬਦਲਾਅ ਬਾਰੇ ਅਧਿਆਪਕਾ ਨਿਸ਼ਾ ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਜ਼ਿਆਦਾ ਸੁਖਾਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਪ੍ਰੋਗਰਾਮ ਆਯੋਜਿਤ ਕਰਨ ’ਤੇ ਦਿੱਲੀ ਸਰਕਾਰ ਦੇ ਧੰਨਵਾਦੀ ਹਨ। ਇਸ ਦੌਰਾਨ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਮਾਤਾ ਸੁੰਦਰੀ ਕਾਲਜ ਵਿੱਚ ਮੁਕਾਬਲੇ ਕਰਵਾਏ
ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੋਂ ਦੇ ਮਾਤਾ ਸੁੰਦਰੀ ਕਾਲਜ ਫਾਰ ਵਿਮੈੱਨ ਦੇ ਪੰਜਾਬੀ ਵਿਭਾਗ ਵੱਲੋਂ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਿਦਿਆਰਥਣਾਂ ਦੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪਹਿਲਾ ਸਥਾਨ ਮਹਿਕਦੀਪ ਕੌਰ ਨੇ ਹਾਸਲ ਕੀਤਾ। ਦੂਜੇ ਸਥਾਨ ਉਪਰ ਕਮਲਪ੍ਰੀਤ ਕੌਰ ਰਹੀ। ਤੀਜਾ ਸਥਾਨ ਜਸਪ੍ਰੀਤ ਕੌਰ ਨੇ ਹਾਸਲ ਕੀਤਾ। ਇਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਕਾਲਜ ਵੱਲੋਂ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਇਕ ਚੰਗੇ ਅਧਿਆਪਕ ਦੇ ਮਹੱਤਵ ਤੋਂ ਜਾਣੂ ਕਰਵਾਇਆ। ਵਿਭਾਗ ਮੁਖੀ ਡਾਕਟਰ ਗੁਰਜੀਤ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥਣਾਂ ਨੇ ਅਧਿਆਪਕ ਦਿਵਸ ਨਾਲ ਸਬੰਧਤ ਕਵਿਤਾਵਾਂ, ਗੀਤ ਅਤੇ ਭਾਸ਼ਣ ਵੀ ਦਿੱਤੇ। ਪ੍ਰੋਗਰਾਮ ਦਾ ਸੰਚਾਲਨ ਵਿਦਿਆਰਥਣ ਭੂਮਿਕਾ ਨੇ ਕੀਤਾ। ਪ੍ਰੋਗਰਾਮ ਦਾ ਪ੍ਰਬੰਧਨ ਵਿਦਿਆਰਥਣਾਂ ਸਿਮਰਨਜੀਤ ਕੌਰ, ਝਾਂਸੀ ਜੈਸਵਾਲ ਅਤੇ ਰੌਬਿਨਪਰੀਤ ਨੇ ਕੀਤਾ। ਜੱਜਾਂ ਦੀ ਭੂਮਿਕਾ ਡਾ. ਇਕਬਾਲ ਕੌਰ ਅਤੇ ਡਾ. ਵਿਨਾਕਸ਼ੀ ਸ਼ਰਮਾ ਨੇ ਨਿਭਾਈ। ਪ੍ਰੋਗਰਾਮ ਕਨਵੀਨਰ ਡਾਕਟਰ ਸਵਰਨ ਜੀਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ਵਿਚ ਕੋ-ਕਨਵੀਨਰ ਡਾ. ਜਗਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਾਰੇ ਪੰਜਾਬੀ ਵਿਭਾਗ ਨੇ ਸ਼ਮੂਲੀਅਤ ਕੀਤੀ।