ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਦਿੱਲੀ ਸਰਕਾਰ ਨੇ ਗੁਟਖਾ ਅਤੇ ਪਾਨ ਮਸਾਲੇ ਦੇ ਨਿਰਮਾਣ, ਭੰਡਾਰ ਕਰਨ, ਵਿਕਰੀ ਤੇ ਵੰਡ ’ਤੇ ਪਾਬੰਦੀ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਹੈ। ਫੂਡ ਸੇਫਟੀ ਕਮਿਸ਼ਨਰ ਡੀਐੱਨ ਸਿੰਘ ਨੇ ਇਨ੍ਹਾਂ ਉਤਪਾਦਾਂ ਦੀ ਪਾਬੰਦੀ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ। ਜਾਰੀ ਨੋਟੀਫਿਕੇਸ਼ਨ ਮੁਤਾਬਕ ਕਮਿਸ਼ਨਰ (ਖੁਰਾਕ ਸੁਰੱਖਿਆ) ਵੱਲੋਂ ਕਿਹਾ ਗਿਆ ਕਿ ਦਿੱਲੀ ਵਿੱਚ ਜਨਤਕ ਸਿਹਤ ਦਾ ਖ਼ਿਆਲ ਰੱਖਦਿਆਂ ਐੱਨਸੀਟੀ ਵਿੱਚ ਇਕ ਸਾਲ ਦੀ ਮਿਆਦ ਲਈ ਤੰਬਾਕੂ ਦਾ ਉਤਪਾਦਨ ਕਰਨ, ਭੰਡਾਰ ਕਰਨ, ਵੰਡ ਕਰਨ ਜਾਂ ਵੇਚਣ ਉਪਰ ਪਾਬੰਦੀ ਲਾਈ ਗਈ ਹੈ ਜੋ ਕਿਸੇ ਵੀ ਸੁਆਦ ਸੁੰਗਿਧਤ, ਖੁਸ਼ਬੂ ਵਾਲਾ ਤੰਬਾਕੂ ਜਾਂ ਖੇਣੀ ਹੋਵੇ। ਸ਼ਹਿਰ ਸਰਕਾਰ ਦਾ ਫੂਡ ਸੇਫਟੀ ਵਿਭਾਗ ਪਿਛਲੇ ਚਾਰ ਸਾਲਾਂ ਤੋਂ ਗੁਟਖਾ ਤੇ ਪਾਨ ਮਸਾਲੇ ਦੀ ਪਾਬੰਦੀ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਰਿਹਾ ਹੈ। ਹਾਲਾਂਕਿ ਸ਼ਹਿਰ ਵਿਚ ਸਿਗਰੇਟ ’ਤੇ ਕੋਈ ਪਾਬੰਦੀ ਨਹੀਂ ਹੈ।