ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੁਲਾਈ
ਕੋਵਿਡ -19 ਤੋਂ ਪੀੜਤ ਲੋਕਾਂ ਲਈ ਆਈ.ਐੱਲ.ਬੀ.ਐੱਸ. ਹਸਪਤਾਲ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਐੱਲਐੱਨਜੇਪੀ ਹਸਪਤਾਲ ’ਚ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪਲਾਜ਼ਮਾ ਬੈਂਕ ਸ਼ੁਰੂ ਕੀਤਾ। ਇਸ ਮੌਕੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਸਦਕਾ ਦਿੱਲੀ ’ਚ ਕਰੋਨਾ ਦੀ ਸਥਿਤੀ ਹੌਲੀ-ਹੌਲੀ ਸੁਧਾਰੀ ਜਾ ਰਹੀ ਹੈ। ਕੇਜਰੀਵਾਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਦਿੱਲੀ ਦੇ ਮਾਡਲ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲਾਂ ‘ਚ ਕੁਝ ਦਿਨ ਬਿਸਤਰੇ ਖਾਲੀ ਰਹਿੰਦੇ ਹਨ ਤਾਂ ਵੀ ਸਾਡੀ ਤਿਆਰੀ ਜਾਰੀ ਰਹੇਗੀ। ਐੱਲਐੱਨਜੇਪੀ ਹਸਪਤਾਲ ਪਹੁੰਚੇ ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਐੱਲਐੱਨਜੇਪੀ ਹਸਪਤਾਲ ਵਿੱਚ ਡਾ. ਸੁਰੇਸ਼ ਤੇ ਉਨ੍ਹਾਂ ਦੀ ਪੂਰੀ ਟੀਮ ਨੇ ਦਿੱਲੀ ’ਚ ਇੱਕ ਦੂਜਾ ਪਲਾਜ਼ਮਾ ਬੈਂਕ ਸ਼ੁਰੂ ਕੀਤਾ ਹੈ। ਦਿੱਲੀ ਦੇਸ਼ ਦਾ ਪਹਿਲਾ ਸੂਬਾ ਸੀ ਜਿੱਥੇ ਆਈਐੱਲਬੀਐੱਸ ਹਸਪਤਾਲ ’ਚ ਪਹਿਲਾ ਪਲਾਜ਼ਮਾ ਬੈਂਕ ਸ਼ੁਰੂ ਕੀਤਾ ਗਿਆ ਸੀ। ਹੁਣ ਕੁਝ ਦਿਨਾਂ ’ਚ ਹੀ ਇਹ ਦੂਜਾ ਪਲਾਜ਼ਮਾ ਬੈਂਕ ਸ਼ੁਰੂ ਹੋ ਗਿਆ। ਜਦੋਂ ਤੱਕ ਟੀਕਾ ਲਗਾਇਆ ਨਹੀਂ ਜਾਂਦਾ ਪਲਾਜ਼ਮਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ 100 ਫ਼ੀਸਦ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਫਿਰ ਵੀ ਪਲਾਜ਼ਮਾ ਬਹੁਤ ਸਾਰੀਆਂ ਜਾਨਾਂ ਬਚਾਉਣ ’ਚ ਮਦਦਗਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਲਾਜ਼ਮਾ ਨੇ ਦਿੱਲੀ ਦੇ ਅੰਦਰ ਮੌਤਾਂ ਦੀ ਗਿਣਤੀ ਘਟਾਉਣ ’ਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਐੱਲਐੱਨਜੇਪੀ ਹਸਪਤਾਲ ਦਿੱਲੀ ਦੇ ਵਿਚਕਾਰ ਸਥਿਤ ਹੈ ਇਸ ਲਈ ਲੋਕਾਂ ਨੂੰ ਇੱਥੇ ਆਉਣ ਤੇ ਪਲਾਜ਼ਮਾ ਦਾਨ ਕਰਨ ’ਚ ਬਹੁਤ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਮਹੀਨੇ ’ਚ ਦਿੱਲੀ ਦੇ ਲੋਕਾਂ, ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਦਿੱਲੀ ਤੇ ਕੇਂਦਰ ਸਰਕਾਰ, ਧਾਰਮਿਕ ਤੇ ਸਵੈ-ਸੇਵੀ ਸੰਸਥਾਵਾਂ ਨੇ ਮਿਲ ਕੇ ਇੱਕ ਵਧੀਆ ਕਾਰਜ ਕੀਤਾ ਹੈ। ਮਰੀਜ਼ਾਂ ਦੀ ਰਿਕਵਰੀ ਦਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਜੂਨ ਦੇ ਅੱਧ ’ਚ ਇੱਥੇ ਪ੍ਰਤੀ ਦਿਨ ਲਗਪਗ 101 ਮੌਤਾਂ ਹੁੰਦੀਆਂ ਸਨ ਤੇ ਹੁਣ ਲਗਪਗ 40 ਮੌਤਾਂ ਹੋ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਆਈਐੱਲਬੀਐੱਸ ’ਚ ਹੁਣ ਤੱਕ 200 ਤੋਂ ਵੱਧ ਲੋਕ ਪਲਾਜ਼ਮਾ ਲੈ ਚੁੱਕੇ ਹਨ। ਸਾਨੂੰ ਇਸ ਨੂੰ ਪਲਾਜ਼ਮਾ ਬੈਂਕ ਵਿੱਚ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਕਿਸੇ ਨੂੰ ਵੀ ਪਲਾਜ਼ਮਾ ਦੀ ਘਾਟ ਨਹੀਂ ਹੋਣੀ ਚਾਹੀਦੀ ਇਸ ਦਾ ਪ੍ਰਬੰਧ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਹੜਾ ਵੀ ਇਸ ਨੂੰ ਪ੍ਰਾਪਤ ਕਰਨ ਆਵੇ ਉਹ ਇਸ ਨੂੰ ਅਸਾਨੀ ਨਾਲ ਪ੍ਰਾਪਤ ਹੋ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਦਿਨ ਬਿਸਤਰੇ ਖਾਲੀ ਰਹਿਣ ਪਰ ਜੇ ਇਸ ਮਾਮਲੇ ਵਿੱਚ ਕੋਈ ਵਾਧਾ ਹੁੰਦਾ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਸਾਡੀ ਤਿਆਰੀ ਅਧੂਰੀ ਹੈ।
ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ
ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਹਾਲੇ ਇਹ ਸਵੀਕਾਰ ਕਰਨਾ ਬਾਕੀ ਹੈ ਕਿ ਸਭ ਕੁਝ ਠੀਕ ਹੋ ਗਿਆ ਹੈ। ਕਰੋਨਾ ਦੇ ਬਾਰੇ ਕੁਝ ਪਤਾ ਨਹੀਂ ਇਹ ਕੱਲ੍ਹ ਫਿਰ ਉੱਠ ਸਕਦਾ ਹੈ। ਇਸ ਲਈ ਸਾਵਧਾਨੀਆਂ ਵਰਤਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ, ਸੇਵਾ ਮੁਕਤ ਡਾਕਟਰਾਂ ਦੀਆਂ ਬਹੁਤ ਸਾਰੀਆਂ ਐੱਨਜੀਓ ਮਦਦ ਕਰ ਰਹੀਆਂ ਹਨ।