ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਲੋਕਾਂ ਨੂੰ ਅੰਗਰੇਜ਼ੀ ’ਚ ਮਾਹਰ ਬਣਾਉਣ ਵਿੱਚ ਮਦਦ ਕਰਨ ਲਈ ਦਿੱਲੀ ਸਰਕਾਰ ਇੱਕ ਕੋਰਸ ਸ਼ੁਰੂ ਕਰਨ ਲਈ ਤਿਆਰ ਹੈ, ਜੋ ਵਿਦਿਆਰਥੀਆਂ ਨੂੰ ਅੰਗਰੇਜ਼ ਸਿੱਖਣ ਵਿੱਚ ਸਿਖਲਾਈ ਦੇਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਕਸਰ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਵਿੱਚ ਨਿਪੁੰਨ ਨਹੀਂ ਹੁੰਦੇ। ਉਹ ਜ਼ਿੰਦਗੀ ਵਿੱਚ ਪਿੱਛੇ ਰਹਿ ਜਾਂਦੇ ਹਨ ਤੇ ਨੌਕਰੀ ਪ੍ਰਾਪਤ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਕਿਉਂਕਿ ਉਹ ਸਹੀ ਢੰਗ ਨਾਲ ਅੰਗਰੇਜ਼ੀ ਬੋਲਣ ਵਿੱਚ ਅਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉੱਥੇ ਹੀ ਦਿੱਲੀ ਸਰਕਾਰ ਨਹੀਂ ਚਾਹੁੰਦੀ ਕਿ ਉਹ ਹੋਰ ਖੇਤਰਾਂ ਵਿੱਚ ਵੀ ਦੂਜੇ ਬੱਚਿਆਂ ਤੋਂ ਪਿੱਛੇ ਰਹਿਣ। ਅਜਿਹੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਮਦਦ ਕਰਨ ਲਈ ਸਰਕਾਰ ਇੱਕ ‘ਸਪੋਕਨ ਇੰਗਲਿਸ਼’ ਕੋਰਸ ਸ਼ੁਰੂ ਕਰ ਰਹੀ ਹੈ, ਜੋ ਕਿ ਦਿੱਲੀ ਸਕਿੱਲ ਐਂਡ ਐਂਟਰਪ੍ਰਿਨਿਉਰਸ਼ਿਪ ਯੂਨੀਵਰਸਿਟੀ ਦੁਆਰਾ ਚਲਾਇਆ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਕੋਲ ਅੰਗਰੇਜ਼ੀ ਦਾ ਮੁੱਢਲਾ ਗਿਆਨ ਹੈ, ਉਹ 3-4 ਮਹੀਨਿਆਂ ਤੱਕ ਚੱਲਣ ਵਾਲੇ ਕੋਰਸ ਵਿੱਚ ਦਾਖ਼ਲਾ ਲੈ ਸਕਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ 12ਵੀਂ ਜਮਾਤ ਪੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਸਪੋਕਨ ਇੰਗਲਿਸ਼ ’ਚ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ 50 ਕੇਂਦਰਾਂ ਵਿੱਚ ਲਗਭਗ 1 ਲੱਖ ਬੱਚਿਆਂ ਨੂੰ ਸਪੋਕਨ ਇੰਗਲਿਸ਼ ਵਿੱਚ ਸਿਖਲਾਈ ਦਿੱਤੀ ਜਾਵੇਗੀ। ਕੇਂਦਰਾਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾਵੇਗੀ। 18-35 ਸਾਲ ਦੀ ਉਮਰ ਦੇ ਨੌਜਵਾਨ ਕੋਰਸ ਲਈ ਦਾਖਲਾ ਲੈ ਸਕਣਗੇ। ਕੋਰਸ ਦੀ ਫੀਸ ਮੁਫਤ ਹੋਵੇਗੀ ਪਰ ਇਹ ਯਕੀਨੀ ਬਣਾਉਣ ਲਈ ਕਿ ਵਿਦਿਆਰਥੀ ਕੋਰਸ ਨੂੰ ਗੰਭੀਰਤਾ ਨਾਲ ਲੈਂਦੇ ਹਨ, ਸਰਕਾਰ 950 ਦੀ ਸਕਿਉਰਿਟੀ ਡਿਪਾਜ਼ਿਟ ਲਵੇਗੀ। ਕੋਰਸ ਦੇ ਸਫਲਤਾਪੂਰਵਕ ਪੂਰਾ ਹੋਣ ’ਤੇ ਉਮੀਦਵਾਰਾਂ ਨੂੰ ਸਕਿਉਰਿਟੀ ਫੀਸ ਵਾਪਸ ਕਰ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਸਾਡੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਵਿਕਸਤ ਕਰਨ ਵਿੱਚ ਮਦਦ ਕਰੇਗਾ।