ਪੱਤਰ ਪ੍ਰੇਰਕ
ਨਵੀਂ ਦਿੱਲੀ 8 ਨਵੰਬਰ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੈਰ-ਹੁਨਰਮੰਦ, ਅਰਧ-ਹੁਨਰਮੰਦ ਤੇ ਹੁਨਰਮੰਦ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ’ਚ ਵਾਧੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਨਾਲ ਕੋਵਿਡ-19 ਮਹਾਮਾਰੀ ਤੇ ਮਹਿੰਗਾਈ ਦੇ ਪ੍ਰਭਾਵ ਤੋਂ ਬਚਣ ਵਿੱਚ ਮਦਦ ਮਿਲੇਗੀ। ਵਾਧੇ ਨਾਲ ਗੈਰ -ਹੁਨਰਮੰਦ ਕਾਮਿਆਂ ਦੀ ਮਾਸਿਕ ਉਜਰਤ 15,908 ਰੁਪਏ ਤੋਂ 16,064 ਰੁਪਏ ਹੋ ਜਾਵੇਗੀ ਜਦੋਂ ਕਿ ਅਰਧ-ਹੁਨਰਮੰਦ ਕਾਮਿਆਂ ਦੀ ਮਾਸਿਕ ਉਜਰਤ 17,537 ਰੁਪਏ ਤੋਂ ਵਧ ਕੇ 17,693 ਰੁਪਏ ਹੋ ਜਾਵੇਗੀ।
ਹੁਨਰਮੰਦ ਕਾਮਿਆਂ ਦੀ ਮਹੀਨਾਵਾਰ ਤਨਖਾਹ 19,291 ਰੁਪਏ ਤੋਂ ਵਧਾ ਕੇ 19,473 ਰੁਪਏ ਕਰ ਦਿੱਤੀ ਗਈ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ’ਚ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀ ਘੱਟੋ-ਘੱਟ ਉਜਰਤ ਦੇਸ਼ ਦੇ ਕਿਸੇ ਵੀ ਰਾਜ ਨਾਲੋਂ ਵੱਧ ਹੈ। ਕੋਵਿਡ ਤੇ ਮਹਿੰਗਾਈ ਨਾਲ ਪ੍ਰੇਸ਼ਾਨ ਮਜ਼ਦੂਰ ਵਰਗ ਨੂੰ ਘੱਟੋ-ਘੱਟ ਉਜਰਤਾਂ ’ਚ ਵਾਧੇ ਨਾਲ ਕੁਝ ਰਾਹਤ ਮਿਲੇਗੀ। ਦਸਵੀਂ ਪਾਸ ਪਰ ਗੈਰ-ਗ੍ਰੈਜੂਏਟ ਕਰਮਚਾਰੀਆਂ ਦੀ ਮਾਸਿਕ ਤਨਖਾਹ 19,291 ਰੁਪਏ ਤੋਂ ਵਧਾ ਕੇ 19,473 ਰੁਪਏ ਅਤੇ ਗ੍ਰੈਜੂਏਟ ਤੇ ਇਸ ਤੋਂ ਵੱਧ ਵਿਦਿਅਕ ਯੋਗਤਾ ਵਾਲੇ ਮਜ਼ਦੂਰਾਂ ਦੀ ਮਾਸਿਕ ਤਨਖਾਹ 20,976 ਰੁਪਏ ਤੋਂ ਵਧਾ ਕੇ 21,184 ਰੁਪਏ ਕਰ ਦਿੱਤੀ ਗਈ ਹੈ। ਸਿਸੋਦੀਆ ਨੇ ਕਿਹਾ ਕਿ ਸਰਕਾਰ ਨੇ ਬਹੁਤ ਸਾਰੇ ਖਰਚਿਆਂ ’ਚ ਕਟੌਤੀ ਕੀਤੀ ਹੈ ਪਰ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਮਹਿੰਗਾਈ ਭੱਤੇ ’ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਕਿਰਤੀਆਂ ਦੀ ਉਜਰਤਾਂ ਵਿੱਚ ਵਾਧਾ ਕਰ ਕੇ ਦਿੱਲੀ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲਿਆ ਹੈ ਜਿਸ ਨਾਲ ਮਜ਼ਦੂਰ ਵਰਗ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।