ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਦਿੱਲੀ ਸਕੱਤਰੇਤ ਵਿੱਚ ਰੁੱਖ ਲਗਾਉਣ ਸਬੰਧੀ ਅੱਜ ਸਾਰੇ ਸਬੰਧਤ ਵਿਭਾਗਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜੰਗਲਾਤ ਵਿਭਾਗ, ਐੱਮ.ਸੀ.ਡੀ, ਡੀ.ਡੀ.ਏ., ਰੇਲਵੇ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ, ਸੀਪੀਡਬਲਯੂਡੀ, ਡੀਐੱਸਆਈਆਈਡੀਸੀ, ਬੀਐੱਸਈਐੱਸ, ਐੱਨ.ਡੀ.ਪੀ.ਐੱਲ ਸਣੇ 19 ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਪ੍ਰੈੱਸ ਕਾਨਫਰੰਸ ਦੌਰਾਨ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਨੇ ਰੁੱਖ ਲਗਾਉਣ ਦੀ ਮੁਹਿੰਮ ਦੇ ਤਹਿਤ ਇਸ ਵਿੱਤੀ ਸਾਲ 2022-23 ਵਿੱਚ ਲਗਭਗ 35 ਲੱਖ 38 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਨੂੰ ਸਬੰਧਤ ਸਾਰੇ 19 ਵਿਭਾਗਾਂ ਵੱਲੋਂ ਪੂਰਾ ਕੀਤਾ ਜਾਵੇਗਾ। ਵਿਭਾਗਾਂ ਵੱਲੋਂ 29 ਲੱਖ ਦੇ ਕਰੀਬ ਬੂਟੇ ਲਗਾਏ ਜਾਣਗੇ ਤੇ 7 ਲੱਖ ਦੇ ਕਰੀਬ ਬੂਟੇ ਮੁਫ਼ਤ ਵੰਡੇ ਜਾਣਗੇ। ਮਈ ਤੇ ਜੂਨ ਦੇ ਮਹੀਨਿਆਂ ਦੌਰਾਨ ਮਿੱਟੀ ਦੀ ਤਿਆਰੀ, ਟੋਏ ਪੁੱਟਣ, ਬੂਟੇ ਤਿਆਰ ਕਰਨ, ਮਿੱਟੀ ਦੀ ਖਾਦ ਪਾਉਣ ਵਰਗੇ ਹੋਰ ਕੰਮ ਕੀਤੇ ਜਾਣਗੇ। ‘ਮੈਗਾ ਪਲਾਂਟੇਸ਼ਨ ਡਰਾਈਵ’ ਜੁਲਾਈ ਮਹੀਨੇ ਤੋਂ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਾਲ 2013 ਵਿੱਚ ਜਿੱਥੇ ਦਿੱਲੀ ਵਿੱਚ ਹਰਿਆ ਭਰਿਆ ਖੇਤਰ 20 ਫ਼ੀਸਦੀ ਸੀ, ਉੱਥੇ ਸਾਲ 2021 ਵਿੱਚ ਇਹ ਵਧ ਕੇ 23.06 ਫ਼ੀਸਦੀ ਹੋ ਗਿਆ ਹੈ। ਨਾਲ ਹੀ ਸ਼ਹਿਰਾਂ ਦੇ ਪ੍ਰਤੀ ਵਿਅਕਤੀ ਵਣ ਕਵਰ ਦੇ ਮਾਮਲੇ ਵਿੱਚ ਦਿੱਲੀ ਪੂਰੇ ਦੇਸ਼ ਵਿੱਚ ਨੰਬਰ ਇੱਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਗਾਏ ਗਏ ਪੌਦਿਆਂ ਦੇ ਬਚਾਅ ਦੀ ਦਰ ਦੀ ਜਾਂਚ ਕਰਨ ਲਈ ਥਰਡ ਪਾਰਟੀ ਆਡਿਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਹੁਣ ਤੱਕ ਕਿਸੇ ਵਿਭਾਗ ਨੇ ਥਰਡ ਪਾਰਟੀ ਆਡਿਟ ਨਹੀਂ ਕਰਵਾਇਆ ਹੈ ਤਾਂ ਉਨ੍ਹਾਂ ਨੂੰ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਕੰਬਟਿੰਗ ਕਲਾਈਮੇਟ ਚੇਂਜ (ਐੱਮਜੀਆਈਸੀਸੀਸੀ) ਤੋਂ ਆਡਿਟ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ, ਵਰ੍ਹੇਗੰਢ ਆਦਿ ਦੇ ਮੌਕੇ ’ਤੇ ਰੁੱਖ ਲਗਾਉਣ।
ਪ੍ਰਦੂਸ਼ਣ ਘਟਾਉਣ ਲਈ ‘ਸਮਰ ਐਕਸ਼ਨ ਪਲਾਨ’ ਮੁਹਿੰਮ ਸ਼ੁਰੂ
ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ’ਤੇ ਠੱਲ ਪਾਉਣ ਲਈ ‘ਸਮਰ ਐਕਸ਼ਨ ਪਲਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਇੱਕ ਮਹੀਨਾ ਚਲਾਈ ਜਾਵੇਗੀ, ਜਦਕਿ ਸੜਕੀ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ 15 ਅਪਰੈਲ ਤੋਂ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਦਿੱਲੀ ਵਿੱਚ ਖੁੱਲ੍ਹੇਆਮ ਸਾੜਨ ਦੀਆਂ ਘਟਨਾਵਾਂ ’ਤੇ ਨਿਗਰਾਨੀ ਰੱਖਣ ਅਤੇ ਰੋਕਥਾਮ ਲਈ ਕੁੱਲ 10 ਵਿਭਾਗ 500 ਟੀਮਾਂ ਤਾਇਨਾਤ ਕਰਨਗੇ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਮਰ ਐਕਸ਼ਨ ਪਲਾਨ ਵਿੱਚ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਕਰਨ ਲਈ ਚੰਗੇ ਤੱਤ ਹਨ। ਮਾਹਿਰ ਰੀਨਾ ਢਾਕਾ ਨੇ ਸੁਝਾਅ ਦਿੱਤਾ ਕਿ ਸੁਸਾਇਟੀਆਂ ਜਾਂ ਕਲੋਨੀਆਂ ਵਿੱਚ ਲੋਕ ਟੋਆ ਪੁੱਟ ਕੇ ਉਸ ਵਿੱਚ ਸੁੱਕੇ ਪੱਤੇ ਅਤੇ ਕੂੜਾ ਇਕੱਠਾ ਕਰਕੇ ਖਾਦ ਦਾ ਟੋਆ ਬਣਾ ਸਕਦੇ ਹਨ। ਰਾਜਨੀਤਿਕ ਵਿਸ਼ਲੇਸ਼ਕ ਰਵੀ ਸ਼੍ਰੀਵਾਸਤਵ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇਲੈਕਟ੍ਰਿਕ ਵਾਹਨ ਬੱਸਾਂ ਲਾਂਚ ਕੀਤੀਆਂ ਹਨ ਤੇ ਅਜਿਹੀਆਂ ਹੋਰ ਬੱਸਾਂ ਸ਼ਹਿਰ ਵਿੱਚ ਪੜਾਅਵਾਰ ਚਲਾਈਆਂ ਜਾਣਗੀਆਂ। ਇਹ ਕੁਝ ਛੋਟੇ ਕਦਮ ਹਨ, ਜੋ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਹਾਇਕ ਹੋਣਗੇ।