ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਨਵੰਬਰ
ਇੱਥੋਂ ਦੇ ਪੀਤਮਪੁਰਾ ’ਚ ਦਿੱਲੀ ਹਾਟ ਵਿੱਚ 11 ਨਵੰਬਰ ਤੋਂ ਚੱਲ ਰਹੇ ‘ਹੁਨਰ ਹਾਟ’ ਦੌਰਾਨ ਲੋਕ ਕਰੋਨਾਵਾਇਰਸ ਦੇ ਖੌਫ਼ ਤੋਂ ਕੁੱਝ ਸਕੂਨ ਪਾਉਣ ਆਉਂਦੇ ਹਨ ਤੇ ਕੁਝ ਪਲ ਫੁਰਸਤ ਵਿੱਚ ਬਿਤਾਉਣ ਦੀ ਕੋਸ਼ਿਸ਼ ਕਰਦੇ ਹਨ। ਕਰੋਨਾ ਸੰਕਟ ਦੌਰਾਨ ਜਿੱਥੇ ਬਹੁਤ ਸਾਰੀਆਂ ਸਰਗਰਮੀਆਂ ਠੱਪ ਪਈਆਂ ਹਨ, ਉੱਥੇ ਹੀ ਹੁਨਰ ਹਾਟ ਤਹਿਤ ਦੇਸ਼ ਦੇ ਕਾਰੀਗਰਾਂ,ਦਸਤਕਾਰਾਂ, ਸ਼ਿਲਪੀਆਂ ਲਈ ਇਹ ਇੱਕ ਮੌਕਾ ਬਣ ਗਿਆ ਹੈ। ਪੇਂਡੂਪੁਣੇ ਦੀ ਉੱਘੜਵੀਂ ਤਸਵੀਰ ਹੁਨਰ ਹਾਟ ਦੌਰਾਨ ਦੇਖੀ ਜਾ ਸਕਦੀ ਹੈ। ਕਰੋਨਾ ਕਾਰਨ ਚਾਹੇ ਇਸ ਮੇਲੇ ਨੂੰ ਉਮੀਦ ਤੋਂ ਕੁੱਝ ਘੱਟ ਹੁੰਗਾਰਾ ਮਿਲਿਆ ਹੈ ਪਰ ਫਿਰ ਵੀ ਕਾਰੀਗਰਾਂ ਲਈ ਇਹ ਸਕੂਨ ਦੀ ਗੱਲ ਹੈ ਕਿ ਉਨ੍ਹਾਂ ਦੀ ਕਲਾ ਦੇ ਕਦਰਦਾਨ ਅਜੇ ਵੀ ਹਨ ਜੋ ਕਰੋਨਾ ਸੰਕਟ ਦੌਰਾਨ ਕਾਰੀਗਰਾਂ ਦੀ ਪ੍ਰਸੰਸਾਂ ਕਰ ਰਹੇ ਹਨ। ਹਰ ਵਰਗ ਉਮਰ ਦੇ ਲੋਕਾਂ ਲਈ ਇੱਥੇ ਖਾਸ ਇੰਤਜ਼ਾਮ ਕੀਤੇ ਗਏ ਹਨ। ਖਾਣ-ਪੀਣ ਦੇ ਸ਼ੋਕੀਨਾਂ ਲਈ ਇਹ ਥਾਂ ਬਿਹਤਰ ਵਿਕਲਪ ਬਣੀ ਹੋਈ ਹੈ ਤੇ ਇਹ ਮੇਲਾ 22 ਨਵੰਬਰ ਤੱਕ ਚੱਲੇਗਾ, ਜਿੱਥੇ ਸੰਗੀਤਕ ਮਫ਼ਿਹਲਾਂ ਵੀ ਜੁੜਦੀਆਂ ਹਨ ਪਰ ਸਮਾਜਕ ਦੂਰੀ ਤੇ ਮਾਸਕ ਪਾਉਣ ਤੋਂ ਗੁਰੇਜ਼ ਕਰਨ ਵਾਲਿਆਂ ਨਾਲ ਸਖ਼ਤੀ ਕੀਤੀ ਜਾ ਰਹੀ ਹੈ।