ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਫਰਵਰੀ
ਕਰੋਨਾ ਪਾਬੰਦੀਆਂ ਹਟਾਉਣ ਮਗਰੋਂ ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੀ ਰਾਹਤ ਦਿੱਤੀ ਗਈ ਹੈ। ਰਾਜਧਾਨੀ ਵਿੱਚ ਕਰੋਨਾ ਨਾਲ ਸਬੰਧਤ ਪਾਬੰਦੀਆਂ ਵਿੱਚ ਡੀਡੀਐੱਮਏ ਦੀ ਢਿੱਲ ਤੋਂ ਬਾਅਦ ਅੱਜ ਦਿੱਲੀ ਮੈਟਰੋ ਨੇ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਕਿਹਾ ਕਿ ਸੋਮਵਾਰ ਤੋਂ ਹੁਣ ਯਾਤਰੀ ਬਿਨਾਂ ਕਿਸੇ ਪਾਬੰਦੀ ਦੇ ਯਾਤਰਾ ਕਰ ਸਕਣਗੇ। ਯਾਨੀ ਕਿ ਸੀਟਾਂ ‘ਤੇ ਬੈਠਣ ਦੇ ਨਾਲ-ਨਾਲ ਖੜ੍ਹੇ ਹੋ ਕੇ ਯਾਤਰਾ ਕਰਨ (ਦਿੱਲੀ ਮੈਟਰੋ ‘ਚ ਨਵੇਂ ਨਿਯਮ) ਦੀ ਵੀ ਇਜਾਜ਼ਤ ਹੋਵੇਗੀ। ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ ਦਿਨ ਭਰ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਯਾਤਰੀਆਂ ਨੂੰ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਡੀਐੱਮਆਰਸੀ ਨੇ ਪਹਿਲਾਂ ਦਿੱਤੇ ਹੁਕਮਾਂ ਅਨੁਸਾਰ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦੀ ਗੱਲ ਆਖੀ ਹੈ। ਇਹ ਕਦਮ ਕਰੋਨਾ ਦੀਆਂ ਪਾਬੰਦੀਆਂ ਨਾਲ ਸਬੰਧਤ ਡੀਡੀਐਮਏ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ ਦਿਨ ਭਰ ਖੁੱਲ੍ਹੇ ਰਹਿਣਗੇ ਤਾਂ ਜੋ ਯਾਤਰੀਆਂ ਨੂੰ ਅੰਦਰ ਜਾਣ ‘ਚ ਕੋਈ ਦਿੱਕਤ ਨਾ ਆਵੇ। ਸੋਮਵਾਰ ਤੋਂ ਸੀਮਤ ਗੇਟਾਂ ਤੋਂ ਯਾਤਰੀਆਂ ਦੇ ਦਾਖਲੇ ਦਾ ਨਿਯਮ ਖਤਮ ਹੋ ਜਾਵੇਗਾ। ਹਾਲਾਂਕਿ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਢੁਕਵੇਂ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ। ਇਨ੍ਹਾਂ ਨਿਯਮਾਂ ਵਿੱਚ ਮਾਸਕ ਦੇ ਨਾਲ-ਨਾਲ ਸਮਾਜਿਕ ਦੂਰੀ ਵੀ ਸ਼ਾਮਲ ਹੈ।