ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
‘ਆਪ’ ਵਿਧਾਇਕਾ ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੇਂਦਰ ਨੂੰ ਦੱਸਿਆ ਕਿ ਦਿੱਲੀ ਨੂੰ ਜੁਲਾਈ ਵਿੱਚ ਕੋਵਿਡ-19 ਟੀਕਿਆਂ ਦੀਆਂ 45 ਲੱਖ ਖੁਰਾਕਾਂ ਦੀ ਜ਼ਰੂਰਤ ਹੈ ਤਾਂ ਜੋ ਰੋਜ਼ਾਨਾ 1.5 ਲੱਖ ਟੀਕਾਕਰਨ ਦੀ ਦਰ ਨੂੰ ਬਣਾਈ ਰੱਖਿਆ ਜਾ ਸਕੇ। ਆਤਿਸ਼ੀ ਨੇ ਕਿਹਾ ਕਿ ਜੇ ਟੀਕਾਕਰਨ ਦੀ ਰਫ਼ਤਾਰ ਵਧਦੀ ਹੈ ਤਾਂ 45 ਲੱਖ ਤੋਂ ਵੱਧ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਸ਼ਹਿਰ ਦੇ ਟੀਕਾਕਰਨ ਬੁਲੇਟਿਨ ਦੇ ਅਨੁਸਾਰ 18-44 ਉਮਰ ਦੀ ਦਿੱਲੀ ਦੀ 25 ਫ਼ੀਸਦ ਆਬਾਦੀ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਇਸ ਉਮਰ ਦੇ 2.5 ਲੱਖ ਲੋਕ ਸ਼ਹਿਰ ਵਿੱਚ ਟੀਕਾਕਰਨ ਲਈ ਯੋਗ ਹਨ। ਵਿਧਾਇਕਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਸ਼ਨਿਚਰਵਾਰ ਨੂੰ ਰਿਕਾਰਡ 2.07 ਲੱਖ ਟੀਕਿਆਂ ਦੀ ਖੁਰਾਕ ਦਿੱਤੀ, ਜਿਸ ਵਿਚੋਂ 1.50 ਲੱਖ ਨੌਜਵਾਨਾਂ ਨੇ ਟੀਕਾ ਲਗਵਾਇਆ। ਫਿਲਹਾਲ ਦਿੱਲੀ ਵਿਚ ਟੀਕੇ ਦੀਆਂ ਖੁਰਾਕਾਂ ਦੀਆਂ 7.06 ਖੁਰਾਕਾਂ ਹਨ ਜਿਨ੍ਹਾਂ ਵਿਚ 5.4 ਲੱਖ ਕੋਵੀਸ਼ੀਲਡ ਖੁਰਾਕਾਂ ਵੀ ਸ਼ਾਮਲ ਹਨ। ਜੇ ਅਧਿਕਾਰੀ ਰੋਜ਼ਾਨਾ 2 ਲੱਖ ਦੀ ਰਫਤਾਰ ਨਾਲ ਲੋਕਾਂ ਨੂੰ ਟੀਕਾ ਲਾਉਂਦੇ ਹਨ ਤਾਂ ਇਹ ਭੰਡਾਰ ਤਿੰਨ ਦਿਨਾਂ ਵਿਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨੂੰ 18-44 ਉਮਰ ਸਮੂਹ ਲਈ ਟੀਕੇ ਦੀ ਸਪਲਾਈ ਵਧਾਉਣ ਲਈ ਕਹਿ ਰਹੇ ਹਾਂ ਕਿਉਂਕਿ ਨੌਜਵਾਨ ਟੀਕਾ ਲਗਵਾਉਣ ਲਈ ਉਤਾਵਲੇ ਹਨ। ਉਹ ਇਕੱਲੇ ਨਹੀਂ ਆਉਂਦੇ, ਉਹ ਆਪਣੇ ਪਰਿਵਾਰਾਂ ਦੇ ਸੀਨੀਅਰ ਮੈਂਬਰਾਂ ਨੂੰ ਆਪਣੇ ਨਾਲ ਟੀਕਾਕਰਨ ਕੇਂਦਰਾਂ ‘ਤੇ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ‘ਅਸੀਂ ਕੇਂਦਰ ਨੂੰ ਲਿਖਿਆ ਕਿ ਦਿੱਲੀ ਨੂੰ ਰੋਜ਼ਾਨਾ 1.5 ਲੱਖ ਦੀ ਦਰ ਨਾਲ ਟੀਕੇ ਲਗਾਉਣ ਲਈ 45 ਲੱਖ ਟੀਕਾ ਖੁਰਾਕਾਂ ਦੀ ਜ਼ਰੂਰਤ ਹੈ।’ 16 ਜਨਵਰੀ ਨੂੰ ਟੀਕਾਕਰਨ ਅਭਿਆਸ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦਿੱਲੀ ਨੇ 73 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ।
ਕਰੋਨਾਵਾਇਰਸ ਦੇ 89 ਨਵੇਂ ਕੇਸ ਆਏ
ਇਥੇ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਐਤਵਾਰ ਨੂੰ ਕੋਵਿਡ-19 ਦੇ 89 ਕੇਸ ਤੇ ਚਾਰ ਮੌਤਾਂ ਦਰਜ ਕੀਤੀਆਂ ਗਈਆਂ। ਦਿੱਲੀ ਵਿੱਚ ਹੁਣ ਤੱਕ 14,33,934 ਕੇਸ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 14.07 ਲੱਖ ਮਰੀਜ਼ ਠੀਕ ਹੋਏ ਗਏ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ 24,965 ’ਤੇ ਪਹੁੰਚ ਗਈ ਹੈ। ਬੀਤੇ ਕੱਲ੍ਹ ਸ਼ਹਿਰ ਵਿੱਚ 85 ਕਰੋਨਾਵਾਇਰਸ ਮਾਮਲੇ ਸਾਹਮਣੇ ਆਏ ਸਨ ਜੋ ਕਿ ਪਿਛਲੇ ਸਾਲ 30 ਅਪਰੈਲ ਤੋਂ ਬਾਅਦ ਦੇ ਇੱਕ ਦਿਨ ਵਿੱਚ ਸਭ ਤੋਂ ਘੱਟ ਹਨ। ਇਸ ਵਿੱਚ ਲਾਗ ਦਰ 0.12 ਫ਼ੀਸਦ ਹੈ ਤੇ ਨੌਂ ਮੌਤਾਂ ਹੋਈਆਂ ਹਨ। ਪਿਛਲੇ ਇਕ ਹਫਤੇ ਤੋਂ ਦਿੱਲੀ ਵਿਚ 100 ਤੋਂ ਘੱਟ ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਸਿਹਤ ਬੁਲੇਟਿਨ ਅਨੁਸਾਰ ਦਿੱਲੀ ਵਿੱਚ 24 ਘੰਟਿਆਂ ਵਿੱਚ 54,297 ਆਰਟੀਪੀਸੀਆਰ ਟੈਸਟ ਕੀਤੇ ਗਏ।
ਫਰੀਦਾਬਾਦ ਵਿੱਚ ਤਿੰਨ ਕੇਸ ਪਾਜ਼ੇਟਿਵ
ਫਰੀਦਾਬਾਦ (ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਲੋਕਾਂ ਲਈ ਅੱਜ ਵੀ ਰਾਹਤ ਵਾਲੀ ਖ਼ਬਰ ਹੈ ਕਿ 2 ਮਹੀਨਿਆਂ ਬਾਅਦ ਐਤਵਾਰ ਨੂੰ ਸਿਰਫ ਕਰੋਨਾ ਦੇ 3 ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਕਰੋਨਾ ਕੇਸਾਂ ਵਿੱਚ ਸੁਧਾਰ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿਚ ਇਕ ਚੰਗੀ ਖ਼ਬਰ ਇਹ ਵੀ ਹੈ ਕਿ ਐਤਵਾਰ ਨੂੰ ਜ਼ਿਲ੍ਹੇ ਦੇ 11 ਲੋਕ ਕਰੋਨਾ ਨੂੰ ਹਰਾਉਣ ਅਤੇ ਸਿਹਤਮੰਦ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ ਹਨ।