ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਉੱਤਰ ਪ੍ਰਦੇਸ਼ ਤੋਂ ਲੋੜੀਂਦੇ ਗੈਂਗਸਟਰ ਕਾਲਾ ਜਥੇਦੀ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਇੱਕ ਦਿਨ ਬਾਅਦ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਕਿਹਾ ਕਿ ਉਸ ਨੇ ਰਾਜਸਥਾਨ ਦੀ ਬਦਨਾਮ ਔਰਤ ਡੌਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦੀ ਪਛਾਣ ਅਨੁਰਾਧਾ ਵਜੋਂ ਹੋਈ ਹੈ ਜੋ ਰਾਜਸਥਾਨ ਵਿੱਚ ਫਿਰੌਤੀ, ਅਗਵਾ ਤੇ ਕਤਲ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਪੁਲੀਸ ਵੱਲੋਂ ਉਸ ਦੀ ਗ੍ਰਿਫਤਾਰੀ ‘ਤੇ 10,000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਡਿਪਟੀ ਪੁਲੀਸ ਕਮਿਸ਼ਨਰ (ਸਪੈਸ਼ਲ ਸੈੱਲ-ਕਾਉਟਰ ਇੰਟੈਲੀਜੈਂਸ) ਮਨੀਸ਼ੀ ਚੰਦਰ ਨੇ ਕਿਹਾ ਕਿ ਅਨੁਰਾਧਾ ਗੈਂਗਸਟਰ ਆਨੰਦਪਾਲ ਸਿੰਘ ਦੀ ਸਹਿਯੋਗੀ ਸੀ ਜੋ 2017 ਵਿੱਚ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗੈਂਗਸਟਰ ਸੰਦੀਪ ਉਰਫ ਕਾਲਾ ਜਥੇਦੀ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਇੱਕ ਦਿਨ ਬਾਅਦ ਹੋਈ ਹੈ। ਪੁਲੀਸ ਨੇ ਕਿਹਾ ਕਿ ਕਾਲਾ ਜਥੇਦੀ ਦਿੱਲੀ, ਰਾਜਸਥਾਨ, ਪੰਜਾਬ ਤੇ ਹਰਿਆਣਾ ਵਿੱਚ ਜ਼ਬਰਦਸਤੀ, ਕਤਲ ਤੇ ਹੋਰ ਜੁਰਮਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਦਿੱਲੀ ਪੁਲੀਸ ਨੇ ਉਸ ਵਿਰੁੱਧ ‘ਮਕੋਕਾ’ ਦੀ ਮੰਗ ਕੀਤੀ ਸੀ। ਪੁਲੀਸ ਅਨੁਸਾਰ ਗੈਂਗਸਟਰ ਦਾ ਨਾਮ ਉਦੋਂ ਸਾਹਮਣੇ ਆਇਆ ਸੀ ਜਦੋਂ ਉਸ ਦਾ ਰਿਸ਼ਤੇਦਾਰ ਸੋਨੂੰ ਛਤਰਸਾਲ ਸਟੇਡੀਅਮ ਝਗੜੇ ਦੀ ਘਟਨਾ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਵਿੱਚ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਜਥੇਦੀ ਦੇ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਕਥਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।