ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਪੁਲੀਸ ਕਮਿਸ਼ਨਰ ਨੂੰ ਕਿਸੇ ਵੀ ਉਸ ਵਿਅਕਤੀ ਜਿਸ ਤੋਂ ਕੌਮੀ ਰਾਜਧਾਨੀ ਵਿੱਚ ਖ਼ਤਰਾ ਦਰਪੇਸ਼ ਹੋਵੇ, ਕੌਮੀ ਸੁਰੱਖਿਆ ਐਕਟ(ਐੱਨਐੱਸਏ) ਤਹਿਤ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਹੈ। ਇਹ ਹੁਕਮ ਬੁੱਧਵਾਰ ਤੋਂ ਅਮਲ ਵਿੱਚ ਆ ਗਿਆ ਸੀ ਤੇ ਅਗਲੇ ਵਰ੍ਹੇ 18 ਜਨਵਰੀ ਤਕ ਜਾਰੀ ਰਹੇਗਾ। ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਐੱਨਐੱਸਏ ਦੀ ਧਾਰਾ 3 ਦੀ ਉਪ ਧਾਰਾ 2 ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ, ਨੂੰ ਜੇ ਇਹ ਯਕੀਨ ਹੈ ਕਿ ਕੋਈ ਵਿਅਕਤੀ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਖਤਰਾ ਹੈ ਤਾਂ ਉਹ ਇਹਤਿਆਤੀ ਕਾਰਵਾਈ ਵਜੋਂ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਹੁਕਮ ਦੇ ਸਕਦੀ ਹੈ। -ਪੀਟੀਆਈ