ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
ਆਗਾਮੀ 26 ਜਨਵਰੀ ਨੂੰ ਮਨਾਏ ਜਾਣ ਵਾਲੇ 75ਵੇਂ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਧਮਕੀਆਂ ਨੂੰ ਰੋਕਣ ਲਈ ਜਸ਼ਨ ਤੋਂ ਪਹਿਲਾਂ ਦਿੱਲੀ ਪੁਲੀਸ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ‘ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਮੁੱਖ ਮਹਿਮਾਨ ਹੋਣਗੇ।
ਡੀਸੀਪੀ ਰੋਹਿਤ ਮੀਨਾ ਨੇ ਕਿਹਾ, 26 ਜਨਵਰੀ ’ਤੇ ਗਏ ਅਸੀਂ ਸੁਰੱਖਿਆ ਪ੍ਰਬੰਧ ਕੀਤੇ ਹਨ। ਅਸੀਂ ਲੋਕਾਂ ਨੂੰ ਕਿਰਾਏਦਾਰ-ਨੌਕਰ ਤਸਦੀਕ ਮੁਹਿੰਮ ਤੇ ਸਿਮ ਕਾਰਡਾਂ ਦੇ ਨਵੇਂ ਨਿਯਮਾਂ ਬਾਰੇ ਜਾਗਰੂਕ ਕਰ ਰਹੇ ਹਾਂ ਤੇ ਸਾਰੇ ਭਾਈਵਾਲਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਦਿੱਲੀ ਵਿੱਚ 8,000 ਤੋਂ ਵੱਧ ਪੁਲੀਸ ਵਾਲੇ ਪਹਿਲਾਂ ਹੀ ਤਾਇਨਾਤ ਕੀਤੇ ਜਾ ਚੁੱਕੇ ਹਨ। ਨਾਈਟ ਪੈਟਰੋਲਿੰਗ ਸਟਾਫ ਨੂੰ ਹੋਟਲਾਂ, ਗੈਸਟ ਹਾਊਸਾਂ ਅਤੇ ਧਰਮਸ਼ਾਲਾਵਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਇੰਡੀਆ ਗੇਟ ਨੇੜੇ ਲਾਅਨ ਵਿੱਚ ਸੀਆਈਐੱਸਐੱਫ ਦਾ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤਾ ਲਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਸਾਰੇ ਜਨਤਕ ਸਥਾਨਾਂ ‘ਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਰੇਲਵੇ ਸਟੇਸ਼ਨਾਂ ਅਤੇ ਅੰਤਰਰਾਜੀ ਬੱਸ ਟਰਮੀਨਲਾਂ ਨੇੜੇ ਦੇ ਹੋਟਲਾਂ ਦੇ ਰਿਕਾਰਡਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੌਣ ਅਤੇ ਕਿਸ ਮਕਸਦ ਲਈ ਆ ਰਿਹਾ ਹੈ। ਹੱਦਾਂ ਉਪਰ ਚੌਕਸੀ ਵਧਾ ਗੁਆਂਢੀ ਰਾਜਾਂ ਤੋਂ ਆਉਣ ਵਾਲਿਆਂ ਉਤੇ ਨਜ਼ਰ ਰੱਖੀ ਜਾ ਰਹੀ ਹੈ।