ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਜਨਕਪੁਰੀ ਵਿੱਚ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ‘ਇਕ ਸ਼ਾਮ ਸਤਿੰਦਰ ਸਰਤਾਜ ਦੇ ਨਾਮ’ ਪ੍ਰੋਗਰਾਮ ਵਿੱਚ ਦਿੱਲੀ ਵਾਲਿਆਂ ਨੇ ਹਿੱਸਾ ਲਿਆ।
ਪਿਛਲੇ ਲਗਭਗ 2 ਸਾਲਾਂ ਤੋਂ ਕਰੋਨਾ ਕਾਰਨ ਸਭਿਆਚਾਰਕ ਗਤੀਵਿਧੀਆਂ ’ਤੇ ਕੋਵਿਡ ਪ੍ਰੋਟੋਕਾਲ ਦੇ ਤਹਿਤ ਸਰਕਾਰੀ ਰੋਕ ਲੱਗੀ ਹੋਈ ਸੀ। ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਇਹ ਪਹਿਲਾ ਵੱਡਾ ਸਰਕਾਰੀ ਸਭਿਆਚਾਰਕ ਪ੍ਰੋਗਰਾਮ ਸੀ, ਜੋ ਕਿ ਆਮ ਜਨਤਾ ਲਈ ਮੁਫ਼ਤ ਰੱਖਿਆ ਗਿਆ। ਦਿੱਲੀ ਹਾਟ ਜਨਕਪੁਰੀ ਸਭਿਆਚਾਰ ਦਾ ਕੇਂਦਰ ਹੋਣ ਕਾਰਨ ਲੋਕਾਂ ਨੇ ਵਧ ਚੜ੍ਹ ਕੇ ਇਸ ਵਿਚ ਹਿੱਸਾ ਲਿਆ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ।
ਇਸ ਮੌਕੇ ਸਤਿੰਦਰ ਸਰਤਾਜ ਨੇ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਆਪਣੇ ਪ੍ਰਸ਼ੰਸਕਾਂ ਦੇ ਪਸੰਦੀਦਾ ਗੀਤਾਂ ਨਾਲ ਕੀਤੀ, ਜਿਨ੍ਹਾਂ ’ਤੇ ਝੂਮਦੇ ਹੋਏ ਦਰਸ਼ਕਾਂ ਦੀਆਂ ਤਾੜੀਆਂ ਤੇ ਸੀਟੀਆਂ ਨਾਲ ਪੂਰਾ ਦਿੱਲੀ ਹਾਟ ਗੂੰਜ ਉੱਠਿਆ।
ਇਸ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬਲਵੀਰ ਬਾਲੀ ਵੱਲੋਂ ਬਾਬਾ ਬੁੱਲ੍ਹੇ ਸ਼ਾਹ ਦੇ ਸੂਫ਼ੀ ਕਲਾਮਾਂ ਨਾਲ ਕੀਤੀ ਗਈ।
ਇਸ ਮੌਕੇ ਤਿਲਕ ਨਗਰ ਤੋਂ ਐੱਮਐੱਲਏ ਜਰਨੈਲ ਸਿੰਘ ਅਤੇ ਜਨਕਪੁਰੀ ਤੋਂ ਐੱਮਐੱਲਏ ਰਾਜੇਸ਼ ਰਿਸ਼ੀ ਨੇ ਸ਼ਿਰਕਤ ਕੀਤੀ ਅਤੇ ਦਿੱਲੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ, ਕਲਾ ਅਤੇ ਸਭਿਆਚਾਰ ਦੇ ਪਸਾਰ ਅਤੇ ਪ੍ਰਚਾਰ ਲਈ ਅਕਾਦਮੀ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕੀਤੀ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਅਕਾਦਮੀ ਦੇ ਮੀਤ ਪ੍ਰਧਾਨ ਹਰਸ਼ਰਨ ਸਿੰਘ ਬੱਲੀ ਨੇ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਹਮੇਸ਼ਾ ਪੰਜਾਬ ਦੇ ਸਭਿਆਚਾਰ ਅਤੇ ਸਮਾਜ ਨੂੰ ਪੇਸ਼ ਕੀਤਾ ਹੈ ਅਤੇ ਇਸੇ ਤਰ੍ਹਾਂ ਦੀ ਕੋਸ਼ਿਸ਼ ਪੰਜਾਬੀ ਅਕਾਦਮੀ ਦੀ ਵੀ ਰਹਿੰਦੀ ਹੈ। ਸ੍ਰੀ ਹਰਸ਼ਰਨ ਸਿੰਘ ਬੱਲੀ ਨੇ ਕਿਹਾ ਕਿ ਅਕਾਦਮੀ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਸਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਜਾਰੀ ਰੱਖੇਗੀ ਅਤੇ ਅੱਜ ਦੇ ਤਣਾਅ ਦੇ ਮਾਹੌਲ ਵਿਚ ਦਿੱਲੀ ਦੇ ਲੋਕਾਂ ਨੂੰ ਸਿਹਤਮੰਦ ਮਨੋਰੰਜਨ ਦੀ ਡੋਜ਼ ਲਗਾਤਾਰ ਮਿਲਦੀ ਰਹੇਗੀ।
ਇਸ ਮੌਕੇ ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਭਰੀ। ਅਕਾਦਮੀ ਦੇ ਸਕੱਤਰ ਰਾਜਿੰਦਰ ਕੁਮਾਰ ਨੇ ਆਏ ਦਰਸ਼ਕਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।