ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਸਤੰਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਤਿਆਗਰਾਜ ਸਟੇਡੀਅਮ ਵਿੱਚ ਕਰਵਾਏ ਗਏ ਪੁਰਸਕਾਰ ਸਮਾਗਮ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਨੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਪੂਰੇ ਦੇਸ਼ ਨੂੰ ਇੱਕ ਰਾਹ ਦਿਖਾਇਆ ਹੈ। ਸਾਡੇ ਸਰਕਾਰੀ ਸਕੂਲਾਂ ਦੇ 648 ਬੱਚਿਆਂ ਨੇ ਨੀਟ ਪਾਸ ਕੀਤੀ ਤੇ 493 ਬੱਚਿਆਂ ਨੇ ਜੇਈਈ ਪਾਸ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਅਧਿਕਾਰਾਂ ਦੀ ਗੱਲ ਹੈ, ਦਾਨ ਦੀ ਨਹੀਂ। ਦੇਸ਼ ਦੇ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲਣੀ ਚਾਹੀਦੀ ਹੈ। ਅਸੀਂ ਹਰ ਬੱਚੇ ਨੂੰ ਚੰਗੀ ਸਿੱਖਿਆ ਦੇ ਕੇ ਆਪਣੇ ਦੇਸ਼ ਦੀ ਗਰੀਬੀ ਨੂੰ ਇੱਕ ਪੀੜ੍ਹੀ ਦੇ ਅੰਦਰ ਹੀ ਦੂਰ ਕਰ ਸਕਦੇ ਹਾਂ ਅਤੇ ਇਹ ਦਿੱਲੀ ਵਿੱਚ ਦਿਖਾਇਆ ਹੈ। ਸਾਡੇ ਸਰਕਾਰੀ ਸਕੂਲਾਂ ਦੇ 648 ਬੱਚਿਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਬੱਚੇ ਬਹੁਤ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ ਅਤੇ ਮਾੜੇ ਹਾਲਾਤਾਂ ਵਿੱਚ ਰਹਿੰਦੇ ਹਨ। ਇਨ੍ਹਾਂ ਵਿੱਚ 199 ਲੜਕੇ ਅਤੇ 449 ਲੜਕੀਆਂ ਹਨ। ਇਸੇ ਤਰ੍ਹਾਂ ਜੇਈਈ ਵਿੱਚ 493 ਬੱਚੇ ਸਫ਼ਲ ਹੋਏ ਹਨ। ਇੱਥੇ 404 ਲੜਕੇ ਅਤੇ 89 ਲੜਕੀਆਂ ਸਫਲ ਹੋਈਆਂ ਹਨ। ਇਸ ਵਾਰ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਕੁੱਲ 1141 ਬੱਚਿਆਂ ਨੇ ਜੇਈਈ ਅਤੇ ਨੀਟ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਇੱਕ ਤਰ੍ਹਾਂ ਨਾਲ ਦੋ ਸਮਾਨਾਂਤਰ ਸਿੱਖਿਆ ਪ੍ਰਣਾਲੀਆਂ ਚੱਲ ਰਹੀਆਂ ਹਨ। ਇੱਕ ਗਰੀਬਾਂ ਲਈ ਹੈ ਅਤੇ ਇੱਕ ਅਮੀਰਾਂ ਲਈ ਹੈ। ਗਰੀਬਾਂ ਲਈ ਸਰਕਾਰੀ ਸਕੂਲ ਅਤੇ ਅਮੀਰਾਂ ਲਈ ਪ੍ਰਾਈਵੇਟ ਸਕੂਲ ਹਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਰ ਸਾਲ ਦੇਸ਼ ਵਿੱਚ 9 ਲੱਖ ਬੱਚੇ ਜੇਈਈ ਅਤੇ 17 ਲੱਖ ਬੱਚੇ ਨੀਟ ਵਿੱਚ ਪ੍ਰੀਖਿਆ ਦਿੰਦੇ ਹਨ ਤੇ ਸਾਡੇ ਸਕੂਲਾਂ ਦੇ 1141 ਬੱਚਿਆਂ ਨੇ 26 ਲੱਖ ਬੱਚਿਆਂ ਵਿੱਚ ਮੁਕਾਬਲਾ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ।
ਰੋਹਿਣੀ ਦੇ ਕਰਨ ਦਾ ਨੀਟ ’ਚੋਂ 402ਵਾਂ ਰੈਂਕ
ਦਿੱਲੀ ਦੇ ਰੋਹਿਣੀ ਸੈਕਟਰ-17 ਦੇ ਸਕੂਲ ਤੋਂ 12ਵੀਂ ਜਮਾਤ ਪਾਸ ਕਰਨ ਵਾਲੇ ਕਰਨ ਤਨੇਜਾ ਨੇ ਨੀਟ ਪ੍ਰੀਖਿਆ ਵਿੱਚ 402 (ਜਨਰਲ-ਈਡਬਲਯੂਐਸ) ਰੈਂਕ ਹਾਸਲ ਕੀਤਾ ਹੈ। ਤੁਗਲਕਾਬਾਦ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੀ ਅੰਜਲੀ ਸਿੰਘ ਨੇ ਨੀਟ ਪ੍ਰੀਖਿਆ ਵਿੱਚ 598 (ਜਨਰਲ- ਪੀਐੱਚ) ਰੈਂਕ ਹਾਸਲ ਕੀਤਾ ਹੈ। ਅੰਜਲੀ ਦੇ ਪਿਤਾ ਸੁਰੱਖਿਆ ਗਾਰਡ ਹਨ ਅਤੇ ਮਾਂ ਘਰੇਲੂ ਔਰਤ ਹੈ। ਹਰਸ਼ ਨੇ ਜੇਈ ਪ੍ਰੀਖਿਆ ਵਿੱਚ 569 (ਜਨਰਲ-ਈਡਬਲਯੂਐੱਸ) ਰੈਂਕ ਨੰਬਰ ਪ੍ਰਾਪਤ ਕੀਤਾ ਹੈ। ਉਸਦੇ ਪਿਤਾ ਦਾ ਹਫਤਾਵਾਰੀ ਬਾਜ਼ਾਰ ਦਾ ਸਟਾਲ ਹੈ ਅਤੇ ਮਾਂ ਘਰੇਲੂ ਔਰਤ ਹੈ। ਉਸ ਨੂੰ ਕਰੋਨਾ ਮਹਾਮਾਰੀ ਦੌਰਾਨ ਸਟਾਲ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਲਈ 11ਵੀਂ ਜਮਾਤ ਦੀਆਂ ਕਲਾਸਾਂ ਛੱਡਣੀਆਂ ਪਈਆਂ ਸਨ। ਮੁਕੇਸ਼ ਕੁਮਾਰ ਨੇ ਨੀਟ ਪ੍ਰੀਖਿਆ ’ਚ 504 (ਐੱਸ.ਸੀ) ਰੈਂਕ, ਪ੍ਰੀਤ ਗੌਤਮ ਨੇ 405 (ਜਨਰਲ-ਈਡਬਲਿਊਐੱਸ), ਪ੍ਰਿਆ ਮੀਨਾ ਨੇ 597 (ਐੱਸ.ਸੀ) ਅਤੇ ਕਾਰਤਿਕ ਨੇ ਜੇਈ ਪ੍ਰੀਖਿਆ ਵਿੱਚ 881 (ਐੱਸ.ਸੀ) ਰੈਂਕ ਪ੍ਰਾਪਤ ਕੀਤਾ ਹੈ।