ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਗੁਰਦੁਆਰਾ ਬਦਰਪੁਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਜੱਸਾ ਨੇ ਕਿਹਾ ਕਿ ਬੀਤੇ ਦਿਨੀਂ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਪੰਜਾਬ ਦੇ ਇਕ ਸਾਬਕਾ ਪੁਲੀਸ ਅਧਿਕਾਰੀ ਦੀ ਗ੍ਰਿਫ਼ਤਾਰੀ ਲਈ ਕੀਤਾ ਗਿਆ ਪ੍ਰਦਰਸ਼ਨ ਫਿੱਕਾ ਰਹਿਣ ਤੋਂ ਸਾਫ਼ ਹੋ ਗਿਆ ਹੈ ਕਿ ਦਿੱਲੀ ਦੇ ਸਿੱਖ ਉਸ ਵਿਅਕਤੀ ਦੇ ਝਾਂਸੇ ਵਿੱਚ ਨਹੀਂ ਆਉਣ ਵਾਲੇ ਜੋ ਗੋਲਕ ਚੋਰੀ ਵਰਗੇ ਦੋਸ਼ਾਂ ਵਿੱਚ ਘਿਰਿਆ ਅਦਾਲਤੀ ਗੇੜਾਂ ਵਿੱਚ ਫਸਿਆ ਹੋਵੇ।
ਸ੍ਰੀ ਜੱਸਾ ਨੇ ਕਿਹਾ ਕਿ ਸੰਗਤ ਕੋਲ ਘਰ-ਘਰ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਜਿਸ ਵਿਅਕਤੀ ਨੂੰ ਦਿੱਲੀ ਵਾਲਿਆਂ ਨੇ ਜਿਤਾਇਆ ਹੀ ਭ੍ਰਿਸ਼ਟਾਚਾਰ ਰੋਕਣ ਲਈ ਸੀ ਉਸੇ ਆਗੂ ਖ਼ਿਲਾਫ਼ ਗੰਭੀਰ ਧਰਾਵਾਂ ਹੇਠ ਮਾਮਲਾ ਦਰਜ ਹੋ ਗਿਆ ਹੋਵੇ। ਜੱਸਾ ਵੱਲੋਂ ਅਗਲੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਇਸ ਵਾਰਡ ਤੋਂ ਲੜਨ ਦੀ ਤਿਆਰੀ ਕੀਤੀ ਦੱਸੀ ਜਾ ਰਹੀ ਹੈ।
ਉਧਰ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਰੋਹਿਣੀ ਵਾਰਡ ਵਿੱਚ ਬੈਠਕ ਕੀਤੀ ਗਈ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਰੂਪ ਸਿੰਘ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਜੈਨ ਨਗਰ ਦੇ ਗੁਰਦੁਆਰੇ ਵਿੱਚ ਹੋਈ ਬੈਠਕ ਦੌਰਾਨ ਸ੍ਰੀ ਜੀਕੇ ਮੌਜੂਦਾ ਮੁੱਦਿਆਂ ਉਪਰ ਚਰਚਾ ਕੀਤੀ। ਇੱਥੋਂ ਰੂਪ ਸਿੰਘ ਨੂੰ ਇਸ ਨਵੇਂ ਧੜੇ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਸ੍ਰੀ ਰੂਪ ਸਿੰਘ ਅਧਿਆਪਨ ਦੇ ਖੇਤਰ ਤੋਂ ਹਨ। ਬੈਠਕ ਵਿੱਚ ਗੁਰਦੁਆਰਾ ਸਿੰਘ ਸਭਾ, ਜੈਨ ਨਗਰ (ਰੋਹਿਣੀ) ਦੇ ਅਹੁਦੇਦਾਰ ਵੀ ਸ਼ਾਮਲ ਹੋਏ।