ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਨਵੰਬਰ
ਨਵੀਂ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ ਅੱਜ ਜਲ ਬੋਰਡ ਦੇ ਲਾਗੂ ਕਰਨ ਵਾਲੇ ਅਧਿਕਾਰੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ, ਜਿਸ ਵਿੱਚ ਉਨ੍ਹਾਂ ਪਾਣੀ ਦੀ ਬਰਬਾਦੀ ਜਾਂ ਦੁਰਵਰਤੋਂ ਨੂੰ ਰੋਕਣ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ। ਪਾਣੀ ਦੀ ਦੁਰਵਰਤੋਂ ਪ੍ਰਤੀ ਸੁਚੇਤ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਪ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਸਾਡੇ ਅਧਿਕਾਰੀ ਇਸ ਪ੍ਰਤੀ ਸੁਚੇਤ ਨਹੀਂ ਹੁੰਦੇ ਖਪਤਕਾਰਾਂ ਨੂੰ ਇਹ ਸੰਦੇਸ਼ ਦੇਣਾ ਮੁਸ਼ਕਲ ਹੋਵੇਗਾ।
ਰਾਘਵ ਚੱਢਾ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕੋਈ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸੁਚੇਤ ਹੁੰਦਿਆਂ ਜਲ ਬੋਰਡ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਪਵੇਗੀ। ਊਨ੍ਹਾਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਮੌਕੇ ’ਤੇ ਚਲਾਨ ਕੱਟੇ ਜਾਣ।
ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਦ੍ਰਿੜਤਾ ਨਾਲ ਇਹ ਸੰਦੇਸ਼ ਦੇਣਾ ਜ਼ਰੂਰੀ ਹੈ ਕਿ ਜਲ ਬੋਰਡ ਦੇ ਪਾਣੀ ਦੀ ਬਰਬਾਦੀ ਜਾਂ ਗੈਰਕਾਨੂੰਨੀ ਕੁਨੈਕਸ਼ਨਾਂ ਨੂੰ ਹੁਣ ਬਰਦਾਸ਼ਤ ਨਹੀਂ ਕਰੇਗਾ। ਗਲਤੀਆਂ ਕਰਨ ਵਾਲੇ 1-2 ਵਿਅਕਤੀਆਂ ਦੀ ਸਜ਼ਾ ਨੂੰ ਸਮੁੱਚੇ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ। ਕੂੜਾ ਕਰਕਟ ਕਾਰਨ ਸੀਵਰੇਜ ਬੰਦ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਦੂਜਿਆਂ ਦੀ ਗਲਤੀ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੂੰ ਸੀਵਰੇਜ ਵਿੱਚ ਕੂੜੇ ਕਰਕਟ ਸੁੱਟਣ ਵਾਲਿਆਂ ਉੱਤੇ ਤੁਰੰਤ ਕਾਰਵਾਈ ਕਰਦਿਆਂ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ।
ਚੱਢਾ ਨੇ ਨਿਰਦੇਸ਼ ਦਿੱਤੇ ਕਿ ਜਲ ਬੋਰਡ ਇੱਕ ਮਹੀਨੇ ਦੀ ਵਿਜੀਲੈਂਸ ਮੁਹਿੰਮ ਤਿਆਰ ਕਰੇਗੀ। ਇਸ ਮੁਹਿੰਮ ਵਿੱਚ ਆਪਣੀ ਟੀਮ ਨੂੰ ਉਨ੍ਹਾਂ ਸਾਰੇ ਖੇਤਰਾਂ ਵਿੱਚ ਭੇਜਾਂਗੇ ਜਿੱਥੇ ਜਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। 1 ਮਹੀਨੇ ਤੱਕ ਇਸ ਮੁਹਿੰਮ ਦਾ ਉਦੇਸ਼ ਨਾ ਸਿਰਫ ਚਲਾਨ ਕੱਟਣਾ ਹੋਵੇਗਾ ਬਲਕਿ ਸਾਨੂੰ ਲੋਕਾਂ ਵਿਚ ਪਾਣੀ ਦੀ ਸਹੀ ਵਰਤੋਂ ਬਾਰੇ ਜਾਗਰੂਕਤਾ ਵੀ ਫੈਲਾਉਣੀ ਪਵੇਗੀ।
ਉਨ੍ਹਾਂ ਕਿਹਾ ਕਿ ਘਰੇਲੂ ਵਰਤੋਂ ਲਈ ਲਏ ਗਏ ਪਾਣੀ ਦਾ ਕੁਨੈਕਸ਼ਨ ਕਈ ਵਾਰ ਗ਼ੈਰ-ਘਰੇਲੂ ਜਾਂ ਵਪਾਰਕ ਉਦੇਸ਼ਾਂ ਲਈ ਵਰਤਿਆ ਜਾ ਰਿਹਾ ਹੈ ਦਿੱਲੀ ਜਲ ਬੋਰਡ ਅਜਿਹੀ ਕੋਈ ਗਲਤੀ ਬਰਦਾਸ਼ਤ ਨਹੀਂ ਕਰੇਗਾ। ਦੋਸ਼ੀ ਪਾਏ ਗਏ ਵਿਅਕਤੀ ਜਾਂ ਸੰਸਥਾ ਵਿਰੁੱਧ ਤੁਰੰਤ ਚਲਾਨ ਜਾਰੀ ਕੀਤਾ ਜਾਵੇ।
ਦਿੱਲੀ ਜਲ ਬੋਰਡ ਐਕਟ 1998 ਦੀ ਧਾਰਾ 19 (1) ਕਹਿੰਦੀ ਹੈ ਕਿ ਪਾਣੀ ਦੀ ਬਰਬਾਦੀ ਜਾਂ ਦੁਰਵਰਤੋਂ ਵਰਜਿਤ ਹੈ, ਇਸ ਲਈ ਇਸ ਕਾਨੂੰਨ ਦੀ ਉਲੰਘਣਾ ਕਰਨਾ ਇੱਕ ਜੁਰਮ ਹੈ। ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਮੋਟੇ ਜੁਰਮਾਨੇ ਵਸੂਲੇ ਜਾ ਸਕਦੇ ਹਨ।