ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਵੱਲੋਂ ਦਿੱਲੀ ਨਗਰ ਨਿਗਮਾਂ ਅਧੀਨ ਚੱਲਦੇ ਚਾਰ ਸਕੂਲਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨੂੰ ‘ਡਰਾਉਣੇ ਘਰ’ ਕਰਾਰ ਦਿੰਦਿਆਂ ਇੱਕ ਛੋਟੀ 2.9 ਮਿੰਟ ਦੀ ਵੀਡੀਓ ਟਵਿੱਟਰ ਉਪਰ ਸਾਂਝੀ ਕੀਤੀ। ਸਕੂਲਾਂ ਦੀ ਹਾਲਤ ਦੇਖਦੇ ਹੋਏ ਸਵਾਤੀ ਮਾਲੀਵਾਲ ਨੇ ਐਮਸੀਡੀ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਕਿਹਾ ਕਿ ਸਕੂਲਾਂ ਦੀ ਹਾਲਤ ਸੁਧਾਰੀ ਜਾਵੇ। ਦੱਸਿਆ ਗਿਆ ਹੈ ਕਿ ਸਵਾਤੀ ਮਾਲੀਵਾਲ ਵੱਲੋਂ ਬੀਤੇ ਦਿਨੀਂ ਦਿੱਲੀ ਨਗਰ ਨਿਗਮ ਦੇ ਭਾਈ ਮਨਦੀਪ ਨਾਗਪਾਲ ਨਿਗਮ ਵਿਦਿਆਲੇ, ਨਿਗਮ ਪ੍ਰਤਿਭਾ ਸਿੱਖਿਆ ਵਿਦਿਆਲੇ, ਪੂਰਵੀ ਦਿੱਲੀ ਨਗਰ ਨਿਗਮ ਪ੍ਰਤਿਭਾ ਵਿਦਿਆਲੇ, ਦੱਖਣੀ ਦਿੱਲੀ ਨਗਰ ਨਿਗਮ ਪ੍ਰਾਇਮਰੀ ਸਕੂਲ (ਲੜਕੀਆਂ) ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਦਿੱਲੀ ਵਿੱਚ ਵਿਦਿਆਰਥਣਾਂ ਨਾਲ ਛੇੜ-ਛਾੜ ਕਰਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਉਨ੍ਹਾਂ ਸਕੂਲਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਨੂੰ ‘ਡਰਾਵਣੇ ਘਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਹਾਲਤ ਤਰਸਯੋਗ, ਅਸੁਰੱਖਿਅਤ ਤੇ ਪ੍ਰੇਸ਼ਾਨ ਕਰਨ ਵਾਲੀ ਸੀ। ਮਾਲੀਵਾਲ ਮੁਤਾਬਕ ਕੌਮਾਂਤਰੀ ਮੰਚ ਉਪਰ ‘ਪੜ੍ਹੇਗਾ ਭਾਰਤ’ ਦਾ ਨਾਅਰਾ ਲਾਇਆ ਜਾਂਦਾ ਹੈ, ਪਰ ਉਹ ਨਾਅਰੇ ਉੱਚੀਆਂ ਕੰਧਾਂ ਵਾਲੇ ਆਲੀਸ਼ਾਨ ਦਫ਼ਤਰਾਂ ਤੱਕ ਹੀ ਸੀਮਿਤ ਹਨ। ਕਮਿਸ਼ਨ ਨੇ ਕਿਹਾ ਕਿ ਇਮਾਰਤ ਦੀ ਖਸਤਾ ਹਾਲਤ ਕਿਸੇ ਵੀ ਸਮੇਂ ਢਹਿ ਸਕਦੀ ਹੈ। ਮਾਲੀਵਾਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਵਿਜ਼ੂਅਲ ਸਾਂਝੇ ਕੀਤੇ ਜਿਸ ਵਿੱਚ ਸਕੂਲ ਵੱਲੋਂ ਕੇਵਲ ਪਾਰਕ ਵਿੱਚ ਲਗਾਇਆ ਗਿਆ ਇੱਕ ਬੋਰਡ ਦਿਖਾਇਆ ਗਿਆ ਸੀ।