ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਨਵੰਬਰ
ਬੁੱਧਵਾਰ ਸਵੇਰੇ ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਤੋਂ ‘ਗੰਭੀਰ’ ਸ਼੍ਰੇਣੀ ਵਿਚ ਆ ਗਈ। ਰਾਸ਼ਟਰੀ ਰਾਜਧਾਨੀ ਦੀ ਏਕਿਯੂਆਈ ਪਿਛਲੀ ਵਾਰ 15 ਨਵੰਬਰ ਨੂੰ ‘ਗੰਭੀਰ’ ਸ਼੍ਰੇਣੀ ਵਿਚ ਸੀ ਪਰ ਉਸ ਤੋਂ ਬਾਅਦ ਇਹ ਸੁਧਾਰ ਹੋਇਆ ਹੈ ਤੇ 22 ਨਵੰਬਰ ਤੱਕ ‘ਮਾੜੀ’ ਜਾਂ ‘ਦਰਮਿਆਨੀ’ ਸ਼੍ਰੇਣੀ ਵਿਚ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੋਬਾਈਲ ਐਪ ਸਮੀਰ ਦੇ ਅਨੁਸਾਰ ਸ਼ਹਿਰ ਦਾ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 401 ਰਿਕਾਰਡ ਕੀਤਾ ਗਿਆ ਸੀ। ਇਹ ਮੰਗਲਵਾਰ ਨੂੰ 388 ਸੀ। ਸ਼ਹਿਰ ਵਿਚ ਏਕਿਯੂਆਈ ਸੋਮਵਾਰ ਨੂੰ 302, ਐਤਵਾਰ ਨੂੰ 274, ਸ਼ਨੀਵਾਰ ਨੂੰ 251, ਸ਼ੁੱਕਰਵਾਰ ਨੂੰ 296 ਤੇ ਵੀਰਵਾਰ ਨੂੰ 283 ਸੀ। ਧਰਤੀ ਵਿਗਿਆਨ ਮੰਤਰਾਲੇ ਦੀ ਨਿਗਰਾਨੀ ਪ੍ਰਣਾਲੀ ‘ਸਫ਼ਰ’ ਅਨੁਸਾਰ ਬੁੱਧਵਾਰ ਨੂੰ ਏਕਿਯੂਆਈ ਵਿੱਚ ਸੁਧਾਰ ਦੀ ਭਵਿੱਖਬਾਣੀ ਕੀਤੀ ਸੀ। ਮੰਗਲਵਾਰ ਨੂੰ ਦਿੱਲੀ ਦੀ ਹਵਾ ਵਿਚ ਪੀਐਮ 5.5 ਵਿਚ ਪਰਾਲੀ ਸੜਨ ਦਾ ਹਿੱਸਾ 5 ਪ੍ਰਤੀਸ਼ਤ ਸੀ। ਸੋਮਵਾਰ ਨੂੰ ਦਿੱਲੀ ਦੇ ਪੀਐਮ 2.5 ਦੇ ਪ੍ਰਦੂਸ਼ਣ ਦਾ 6 ਪ੍ਰਤੀਸ਼ਤ ਤੇ ਐਤਵਾਰ ਨੂੰ 12 ਪ੍ਰਤੀਸ਼ਤ ਪਰਾਲੀ ਸਾੜਨ ਦਾ ਹਿੱਸਾ ਸੀ। ਸ਼ਨੀਵਾਰ ਨੂੰ ਇਹ 13 ਪ੍ਰਤੀਸ਼ਤ, ਸ਼ੁੱਕਰਵਾਰ ਨੂੰ 15 ਪ੍ਰਤੀਸ਼ਤ, ਵੀਰਵਾਰ ਨੂੰ 20 ਪ੍ਰਤੀਸ਼ਤ ਤੇ ਬੁੱਧਵਾਰ ਨੂੰ ਅੱਠ ਪ੍ਰਤੀਸ਼ਤ ਸੀ।
ਦਿੱਲੀ ਵਿੱਚ ਘੱਟ-ਘੱਟ ਤਾਪਮਾਨ 13 ਡਿਗਰੀ ਤੇ ਵੱਧ ਤੋਂ ਵੱਧ 23 ਡਿਗਰੀ ਰਿਹਾ। ਸਾਰਾ ਦਿਨ ਸੂਰਜ ਲੁੱਕਣ-ਮੀਟੀ ਕਰਦਾ ਰਿਹਾ ਤੇ ਹਲਕੇ-ਹਲਕੇ ਬੱਦਲ ਅਸਮਾਨ ਉਪਰ ਛਾਏ ਰਹੇ। 9 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲੀ ਜਿਸ ਕਰਕੇ ਪ੍ਰਦੂਸ਼ਣ ਵਧਾਉਣ ਵਾਲੇ ਕਾਰਕ ਧਰਤੀ ਦੀ ਸਤਹ ਉਪਰ ਠਹਿਰੇ ਰਹੇ। 56% ਹੁੰਮਸ ਹਵਾ ਵਿੱਚ ਮਾਪੀ ਗਈ।