ਨਵੀਂ ਦਿੱਲੀ, 31 ਅਕਤੂਬਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ’ਚ ਮਾਮੂਲੀ ਸੁਧਾਰ ਹੋਇਆ ਹੈ, ਪਰ ਅੱਜ ਸਵੇਰੇ ਰਾਜਧਾਨੀ ਦੀ ਆਬੋ ਹਵਾ ‘ਮਾੜੀ ਸ਼੍ਰੇਣੀ’ ਵਿੱਚ ਦਰਜ ਕੀਤੀ ਗਈ। ਇਕ ਸਰਕਾਰੀ ਏਜੰਸੀ ਨੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਤੋਂ ਦਿੱਲੀ ਤੇ ਐੱਨਸੀਆਰ ਵਿੱਚ ਪ੍ਰਦੂਸ਼ਣ ਘਟਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਦਿੱਲੀ ਦੀ ਹਵਾ ਗੁਣਵੱਤਾ ਦਾ ਸੂਚਕ (ਏਕਿਊਆਈ) ਅੱਜ ਸਵੇਰੇ 9.30 ਵਜੇ 369 ਦਰਜ ਕੀਤਾ ਗਿਆ, ਜਦਕਿ ਇਹ ਸ਼ੁੱਕਰਵਾਰ ਨੂੰ 374 ਉਤੇ ਰਿਹਾ। ਇਸ ਤੋਂ ਇਲਾਵਾ ਵੀਰਵਾਰ ਨੂੰ 395, ਬੁੱਧਵਾਰ ਨੂੰ 297, ਮੰਗਲਵਾਰ ਨੂੰ 353 ਦਰਜ ਕੀਤਾ ਗਿਆ।
ਜਹਾਂਗੀਰਪੁਰੀ ਵਿੱਚ ਸ਼ਨਿਚਰਵਾਰ ਨੂੰ ਹਵਾ ਦੀ ਗੁਣਵੱਤਾ 412, ਮੁੰਡਕਾ ਵਿੱਚ 407 ਅਤੇ ਆਨੰਦ ਵਿਹਾਰ ਵਿੱਚ 457 ਦਰਜ ਕੀਤੀ ਗਈ, ਜੋ ਗੰਭੀਰ ਸ਼੍ਰੇਣੀ ਵਿੱਚ ਹੈ। ਦੱਸਣਯੋਗ ਹੈ ਕਿ 0 ਅਤੇ 50 ਵਿੱਚ ਏਕਿਊਆਈ ਨੂੰ ‘ਸਹੀ’, 51 ਅਤੇ 100 ਵਿਚਾਲੇ ‘ਤਸੱਲੀਬਖ਼ਸ਼’, 101 ਅਤੇ 200 ਵਿਚਾਲੇ ‘ਦਰਮਿਆਨਾ’, 201 ਅਤੇ 300 ਦੇ ਵਿਚਕਾਰ ‘ਖ਼ਰਾਬ’, 301 ਅਤੇ 400 ਵਿਚਕਾਰ ‘ਬਹੁਤ ਮਾੜਾ’ ਅਤੇ 401 ਤੋਂ 500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ, ਲੋਕ ਨਿਰਮਾਣ ਵਿਭਾਗ ਤੇ ਹੋਰਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਕਿਨਾਰੇ ਦਰੱਖ਼ਤਾਂ ਤੇ ਹਰਿਆਲੀ ਉੱਪਰ ਜੰਮੀ ਧੂੜ ਹਟਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।
ਭੂ ਵਿਗਿਆਨ ਮੰਤਰਾਲੇ ਦੀ ਏਜੰਸੀ ‘ਸਫ਼ਰ’ ਮੁਤਾਬਿਕ ਵੀਰਵਾਰ ਨੂੰ ਪਰਾਲੀ ਫੂਕਣ ਦੀ ਹਿੱਸੇਦਾਰੀ 36 ਫ਼ੀਸਦ ਰਹੀ, ਬੁੱਧਵਾਰ ਨੂੰ ਇਹ 18 ਫ਼ੀਸਦ, ਮੰਗਲਵਾਰ ਨੂੰ 23 ਫ਼ੀਸਦ, ਸੋਮਵਾਰ ਨੂੰ 16 ਫ਼ੀਸਦ, ਐਤਵਾਰ ਨੂੰ 19 ਫ਼ੀਸਦ ਅਤੇ ਸ਼ਨਿਚਰਵਾਰ ਨੂੰ 9 ਫੀਸਦ ਰਹੀ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਖੇਤਾਂ ਵਿੱਚ ਪਰਾਲੀ ਫੂਕਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਏਜੰਸੀ ਮੁਤਾਬਿਕ ਹਵਾ ਦੀ ਰਫ਼ਤਾਰ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੀ ਉਮੀਦ ਹੈ ਅਤੇ ਇਹ ਖਰਾਬ ਸ਼੍ਰੇਣੀ ਵਿੱਚ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ, ਲੋਕ ਨਿਰਮਾਣ ਵਿਭਾਗ ਤੇ ਹੋਰਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਕਿਨਾਰੇ ਦਰੱਖ਼ਤਾਂ ਤੇ ਹਰਿਆਲੀ ਉੱਪਰ ਜੰਮੀ ਧੂੜ ਹਟਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। -ਪੀਟੀਆਈ