ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਦਿੱਲੀ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਚਨਬੱਧ, ਕੇਜਰੀਵਾਲ ਸਰਕਾਰ ਨੇ ਕਾਲਕਾਜੀ ਵਿੱਚ ਦਿੱਲੀ ਦਾ ਪਹਿਲਾ ‘ਡੀਐੱਸਈਯੂ ਲਾਈਟਹਾਊਸ’ ਲਾਂਚ ਕੀਤਾ। ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਲਾਈਟਹਾਊਸ ਕਮਿਊਨਿਟੀਜ਼ ਫਾਊਂਡੇਸ਼ਨ ਅਤੇ ਮਾਈਕਲ ਐਂਡ ਸੂਜ਼ਨ ਡੇਲ ਫਾਊਂਡੇਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਦਿੱਲੀ ਸਕਿੱਲ ਐਂਡ ਐਂਟਰਪ੍ਰਿਨਿਓਰਸ਼ਿਪ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਇਸ ‘ਡੀਐੱਸਈਯੂ ਲਾਈਟਹਾਊਸ’ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਡੀਐੱਸਈਯੂ ਲਾਈਟਹਾਊਸ ਰਾਹੀਂ ਕੇਜਰੀਵਾਲ ਸਰਕਾਰ ਘੱਟ ਆਮਦਨ ਵਰਗ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਵਧੀਆ ਹੁਨਰ ਸਿੱਖਿਆ ਦੇਵੇਗੀ। ਜਲਦੀ ਹੀ ਪਤਪੜਗੰਜ, ਮਲਕਾਗੰਜ ਅਤੇ ਮਟਿਆਮਹਿਲ ਵਿੱਚ 3 ਨਵੇਂ ਡੀਐੱਸਈਯੂ ਲਾਈਟਹਾਊਸ ਵੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਬੱਚੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਨਹੀਂ ਜਾਣਗੇ ਸਗੋਂ ਯੂਨੀਵਰਸਿਟੀ ਖ਼ੁਦ ਬੱਚਿਆਂ ਕੋਲ ਜਾ ਕੇ ਉਨ੍ਹਾਂ ਨੂੰ ਦਾਖ਼ਲਾ ਦੇਵੇਗੀ। ਦਿੱਲੀ ਵਿੱਚ ਨੌਕਰੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਸਰਕਾਰ ਨੇ ਦਿੱਲੀ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਹੁਨਰ, ਪੇਸ਼ੇਵਰ ਵਿਕਾਸ ਅਤੇ ਰੁਜ਼ਗਾਰ ਮੁਖੀ ਹੁਨਰ ਪ੍ਰਦਾਨ ਕਰਨ ਲਈ ਲਾਈਟਹਾਊਸ ਕਮਿਊਨਿਟੀਜ਼ ਫਾਊਂਡੇਸ਼ਨ ਅਤੇ ਮਾਈਕਲ ਐਂਡ ਸੂਜ਼ਨ ਡੇਲ ਫਾਊਂਡੇਸ਼ਨ ਦੇ ਮਾਹਿਰਾਂ ਦੇ ਸਹਿਯੋਗ ਨਾਲ ਲਾਈਟ ਹਾਊਸ ਸ਼ੁਰੂ ਕੀਤਾ ਹੈ| ਉਨ੍ਹਾਂ ਕਿਹਾ ਕਿ ਅੱਜ ਗਰੈਜੂਏਟ ਹੋਣ ਤੋਂ ਬਾਅਦ ਵੀ ਨੌਜਵਾਨ ਨੌਕਰੀਆਂ ਲਈ ਭਟਕਦੇ ਰਹਿੰਦੇ ਹਨ ਪਰ ਇਸ ਕੋਰਸ ਤੋਂ ਬਾਅਦ ਕੰਪਨੀ ਖੁਦ ਆ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਬੱਚੇ 12ਵੀਂ ਪਾਸ ਕਰਨ ਤੋਂ ਬਾਅਦ ਕਾਲਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਦਾਖਲਾ ਨਹੀਂ ਮਿਲਦਾ, ਪਰ ਦਿੱਲੀ ਸਰਕਾਰ ਨੇ ਅਜਿਹਾ ਨਿਵੇਕਲਾ ਪ੍ਰੋਗਰਾਮ ਬਣਾਇਆ ਹੈ, ਜਿਸ ਤਹਿਤ ਦਿੱਲੀ ਸਕਿੱਲ ਐਂਡ ਐਂਟਰਪ੍ਰਿਨਿਓਰਸ਼ਿਪ ਯੂਨੀਵਰਸਿਟੀ ਝੁੱਗੀਆਂ-ਝੌਪੜੀਆਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗੀ।