ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਾਰਚ
ਹਵਾ ਦੀ ਮਿਆਰ ਸਬੰਧੀ ਕਮਿਸ਼ਨ ਨੂੰ ਖ਼ਤਮ ਕੀਤੇ ਜਾਣ ’ਤੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ। ‘ਆਪ’ ਦੀ ਸੀਨੀਅਰ ਨੇਤਾ ਤੇ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਹਵਾ ਦੇ ਮਿਆਰ ਕਮਿਸ਼ਨ ਆਰਡੀਨੈਂਸ ਦੀ ਮਿਆਦ ਖ਼ਤਮ ਹੋ ਗਈ ਹੈ ਪਰ ਭਾਜਪਾ ਸੰਸਦ ਵਿੱਚ ਆਪਣਾ ਬਿੱਲ ਨਹੀਂ ਲੈ ਕੇ ਆਈ। ਜਦੋਂਕਿ ਕੇਂਦਰ ਸਰਕਾਰ ਨੇ ਏਅਰ ਕੁਆਲਿਟੀ ਕਮਿਸ਼ਨ ਸਥਾਪਤ ਕਰਕੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕਲੌਤਾ ਕਦਮ ਚੁੱਕਿਆ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਦਿੱਲੀ ਦੇ ਲੋਕਾਂ ਦੀ ਸਿਹਤ ਪ੍ਰਤੀ ਕਿੰਨੀ ਗੰਭੀਰ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਵਾਬ ਦੇਣ ਲਈ ਕਾਗਜ਼ਾਂ ’ਤੇ ਇਕ ਏਅਰ ਕੁਆਲਿਟੀ ਕਮਿਸ਼ਨ ਬਣਾਇਆ ਸੀ ਪਰ ਇਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਬਿੱਲ 6 ਹਫ਼ਤਿਆਂ ਦੇ ਅੰਦਰ ਸੰਸਦ ਦੀ ਮੇਜ਼ ’ਤੇ ਰੱਖ ਕੇ ਪਾਸ ਕਰਨਾ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਕਮਿਸ਼ਨ ਵਾਪਸ ਲੈਣ ਤੋਂ ਬਾਅਦ ਹੁਣ ਪਰਾਲੀ, ਥਰਮਲ ਪਾਵਰ ਪਲਾਂਟ, ਇੱਟਾਂ ਦੇ ਭੱਠਿਆਂ ਤੋਂ ਚੱਲ ਰਹੇ ਉਦਯੋਗਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ’ਤੇ ਕੌਣ ਕਾਰਵਾਈ ਕਰੇਗਾ। ਆਖਰ ਕੇਂਦਰ ਸਰਕਾਰ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਦਿੱਲੀ ਦੇ ਲੋਕਾਂ ਨੂੰ ਜ਼ਹਿਰੀਲੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਕਿਉਂ ਨਹੀਂ ਕਰ ਰਹੀ ਹੈ। ਆਤਿਸ਼ੀ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ, ਦਿੱਲੀ ਸਰਕਾਰ ਆਪਣੇ ਪੱਧਰ ’ਤੇ ਦਿੱਲੀ ਤੋਂ ਪ੍ਰਦੂਸ਼ਣ ਅਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ ਰਿਪੋਰਟ ਨੇ ਖੁਦ ਕਿਹਾ ਕਿ ਦਿੱਲੀ ਨੇ ਪ੍ਰਦੂਸ਼ਣ ਨੂੰ 25 ਫ਼ੀਸਦ ਤੱਕ ਘਟਾ ਦਿੱਤਾ ਹੈ।