ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਰਾਜਧਾਨੀ ਵਿੱਚ ਹਰਿਆਵਲ ਕਰਨ ਲਈ ਦਿੱਲੀ ਸਰਕਾਰ ਨੇ ਦਿੱਲੀ ਦੇ ਪਾਰਕਾਂ ਨੂੰ ਸੁੰਦਰ ਬਣਾਉਣ ਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਦਿੱਲੀ ਸਕੱਤਰੇਤ ਵਿੱਚ ਵਾਤਾਵਰਨ ਮੰਤਰੀ ਗੋਪਾਲ ਰਾਏ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਨਾਲ ਇੱਕ ਉੱਚ ਪੱਧਰੀ ਸਾਂਝੀ ਸਮੀਖਿਆ ਮੀਟਿੰਗ ਹੋਈ। ਦਿੱਲੀ ਪਾਰਕਸ ਐਂਡ ਗਾਰਡਨ ਸੁਸਾਇਟੀ (ਡੀਪੀਜੀਐੱਸ), ਐੱਮਸੀਡੀ, ਡੀਡੀਸੀਡੀ, ਪੀਡਬਲਿਊਡੀ ਆਦਿ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਰਾਏ ਨੇ ਦਿੱਲੀ ਦੇ ਹਰ ਜ਼ਿਲ੍ਹੇ ਵਿੱਚ ਇੱਕ ਪਾਰਕ ਨੂੰ ਮਾਡਲ ਪਾਰਕ ਵਜੋਂ ਵਿਕਸਤ ਕਰਨ ਦੇ ਹੁਕਮ ਦਿੱਤੇ। ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਦਿੱਲੀ ਵਿੱਚ ਕੁੱਲ 16,828 ਪਾਰਕਾਂ ਦਾ ਸਰਵੇਖਣ ਕੀਤਾ ਜਾਵੇਗਾ। ਹੁਣ ਤੱਕ ਲਗਪਗ 12,000 ਪਾਰਕਾਂ ਦਾ ਨਿਰੀਖਣ ਕੀਤਾ ਜਾ ਚੁੱਕਿਆ ਹੈ। ਸ੍ਰੀ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਪਾਰਕ ਸੁੰਦਰੀਕਰਨ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ ਦਿੱਲੀ ਦੇ 11 ਪਾਰਕਾਂ ਨੂੰ ਮਾਡਲ ਪਾਰਕਾਂ ਵਜੋਂ ਵਿਕਸਤ ਕੀਤਾ ਜਾਵੇਗਾ। ਕਮਿਊਨਿਟੀ ਪਾਰਕ ਇਨੀਸ਼ੀਏਟਿਵ ਦੀ ਸ਼ੁਰੂਆਤ ਪਾਰਕਾਂ ਨੂੰ ਆਧੁਨਿਕ ਤੇ ਵਿਸ਼ਵ ਪੱਧਰੀ ਪਾਰਕਾਂ ਵਿੱਚ ਮੁੜ ਵਿਕਸਤ ਕਰਨ ਲਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਦਿੱਲੀ ਨੂੰ ਇੱਕ ਆਧੁਨਿਕ ਬਰਾਬਰੀ ਵਾਲਾ ਤੇ ਟਿਕਾਊ ਸ਼ਹਿਰ ਬਣਾਇਆ ਜਾ ਸਕੇ। ਇਸ ਲਈ ਡੀਡੀਸੀਡੀ ਦਿੱਲੀ ਪਾਰਕਸ ਐਂਡ ਗਾਰਡਨ ਸੁਸਾਇਟੀ (ਡੀਪੀਜੀਐੱਸ), ਆਰਡਬਲਿਊਏ ਤੇ ਸੀਐੱਸਆਰ, ਸੰਸਥਾਵਾਂ ਪੂਰੀ ਦਿੱਲੀ ਵਿੱਚ ਕੁਝ ਸ਼ਾਨਦਾਰ ਪਾਰਕਾਂ ਨੂੰ ਵਿਕਸਤ ਕਰਨ ਲਈ ਸਹਿਯੋਗ ਕਰਨ ਲਈ ਇਕੱਠੇ ਹੋਣਗੇ। ਰਾਏ ਨੇ ਅੱਗੇ ਕਿਹਾ ਕਿ ਕਮਿਊਨਿਟੀ ਪਾਰਕ ਯੋਜਨਾ ਵੱਖ-ਵੱਖ ਸਮੂਹਾਂ ਦੇ ਇਨਪੁਟ ਤੇ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇ ਨਾਲ, ਪਾਰਕਾਂ ਨੂੰ ਹਰੇਕ ਲਈ ਇੱਕ ਬਿਹਤਰ ਸਥਾਨ ਬਣਾਉਣ ’ਤੇ ਧਿਆਨ ਕੇਂਦਰਿਤ ਕਰੇਗੀ।