ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਦੋ ਦਿਨ ਪਹਿਲਾਂ ਤੇ ਬੀਤੇ ਦਿਨ ਇਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖ਼ਿਲਾਫ਼ ਅਦਾਲਤੀ ਹੁਕਮਾਂ ਮਗਰੋਂ ਮਾਮਲਾ ਦਰਜ ਦੇ ਦਿੱਤੇ ਹੁਕਮਾਂ ਬਾਅਦ ਦਿੱਲੀ ਦੀ ਸਿੱਖ ਸਿਆਸਤ ਦੀ ਤਾਣੀ ਉਲਝ ਗਈ ਹੈ। ਇੱਕ-ਦੂਜੇ ਉਪਰ ਦੋਸ਼ਾਂ ਦਾ ਦੌਰ ਗਰਮਾ ਗਿਆ ਹੈ। ਮੁਕੱਦਮੇਬਾਜ਼ੀ ਵਿੱਚ ਫਸੇ ਮਨਜੀਤ ਸਿੰਘ ਜੀਕੇ, ਜਿਨ੍ਹਾਂ ਖ਼ਿਲਾਫ਼ ਹੁਣ ਦੋ ਵੱਖਰੇ ਕੇਸ ਵੱਖਰੀਆਂ ਮੱਦਾਂ ਨੂੰ ਲੈ ਕੇ ਪਾਏ ਗਏ ਹਨ। ਇਸ ਤੋਂ ਪਹਿਲਾਂ ਜਿਸ ਮਾਮਲੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਸਰਨਾ ਧੜੇ ਵੱਲੋਂ ਲਿਆ ਜਾ ਰਿਹਾ ਹੈ ਉਹ 2013 ਦੀ ਪ੍ਰਬੰਧਕ ਕਮੇਟੀ ਉਪਰ ਦਾਇਰ ਹੋਇਆ ਹੈ ਜਿਸ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਸਨ। ਜ਼ਾਹਿਰ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਦੂਜੀ ਥਾਂ ‘ਤੇ ਸ਼ਾਮਲ ਹੋ ਗਿਆ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਹੁਣ ਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਇਸ ਅਹੁਦੇ ਤੋਂ ਲਾਹੁਣ ਲਈ ਉਹੀ ਪ੍ਰਕਿਰਿਆ ਅਪਣਾਉਣ ਲਈ ਕਮੇਟੀ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਮਨਜੀਤ ਸਿੰਘ ਜੀਕੇ ਨੂੰ ਲਾਹਿਆ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਸਰਨਾ ਧੜੇ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ (ਆਜ਼ਾਦ ਮੈਂਬਰ), ਸੁਖਬੀਰ ਸਿੰਘ ਕਾਲੜਾ, ਕਰਤਾਰ ਸਿੰਘ ਚਾਵਲਾ ਤੇ ਹੋਰ ਸਾਥੀਆਂ ਵੱਲੋਂ ਅੱਜ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਮੰਗ ਪੱਤਰ ਦੇਣ ਦੀ ਕੋਸ਼ਿਸ਼ ਤਹਿਤ ਕਮੇਟੀ ਦਫ਼ਤਰ ਦਾ ਦੌਰਾ ਕੀਤਾ ਗਿਆ ਪਰ ਉੱਥੇ ਸ੍ਰੀ ਕਾਲਕਾ ਮੌਜੂਦ ਨਹੀਂ ਸਨ। ਫਿਰ ਕਾਲਕਾ ਦੇ ਪੀਏ ਨੂੰ ਇਹ ਪੱਤਰ ਸੌਂਪ ਦਿੱਤਾ ਗਿਆ। ਸੁਖਬੀਰ ਸਿੰਘ ਕਾਲੜਾ ਨੇ ਅਪੀਲ ਕੀਤੀ ਕਿ ਜਿਵੇਂ ਮਨਜੀਤ ਸਿੰਘ ਜੀਕੇ ਨੂੰ ਗੱਦੀ ਤੋਂ ਲਾਹੁਣ ਲਈ ਪ੍ਰਕਿਰਿਆ ਅਪਣਾਈ ਗਈ ਉਵੇਂ ਹੀ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਇਸ ਅਹੁਦੇ ਤੋਂ ਲਾਹੁਣ ਲਈ ਕਾਰਜਕਾਰਨੀ ਦੀ ਬੈਠਕ ਦੀ ਮੰਗ ਰੱਖੀ। ਨਵੇਂ ਮੁਕੱਦਮੇ ਕਾਰਨ ਸੁਖਦੇਵ ਸਿੰਘ ਢੀਂਡਸਾ ਰਾਹੀਂ ਸਰਨਾ ਤੇ ਜੀਕੇ ਧੜੇ ਦਰਮਿਆਨ ਕੋਈ ਸਿੱਧਾ ਸਮਝੌਤਾ ਹੋਣ ਦੀ ਉਮੀਦ ਫਿਲਹਾਲ ਖ਼ਤਮ ਹੋ ਗਈ ਹੈ। ਸਰਨਾ ਭਰਾਵਾਂ ਵੱਲੋਂ ਅਜੇ ਸ੍ਰੀ ਜੀਕੇ ਖ਼ਿਲਾਫ਼ ਕੋਈ ਤਿੱਖਾ ਬਿਆਨ ਨਹੀਂ ਆਇਆ।