ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਸਵੇਰੇ ਦਸ ਵੱਜ ਕੇ ਉੱਨੀ ਮਿੰਨ ’ਤੇ ਸ਼ੁਰੂ ਹੋਇਆ ਜੋ 1:58 ਵਜੇ ਤਕ ਰਿਹਾ। ਐਨਸੀਆਰ ਦੇ ਅਸਮਾਨ ਉਪਰ ਬੱਦਲ ਛਾਏ ਰਹਿਣ ਕਰ ਕੇ ਲੋਕਾਂ ਨੂੰ ਬਚਾਅ ਤਰੀਕਿਆਂ ਨਾਲ ਇਹ ਗ੍ਰਹਿਣ ਵਾਲਾ ਸੂਰਜ ਦੇਖਣ ਵਿੱਚ ਮੁਸ਼ਕਲ ਵੀ ਹੋਈ। ਲੋਕ ਘਰਾਂ ਦੀਆਂ ਛੱਤਾਂ ਉੱਪਰ ਐਕਸਰੇਅ ਫ਼ਿਲਮਾਂ ਵਿੱਚੋਂ ਸੂਰਜ ਗ੍ਰਹਿਣ ਦੇਖਦੇ ਨਜ਼ਰ ਆਏ।
ਖ਼ਾਸ ਕਰਕੇ ਵਿਦਿਆਰਥੀਆਂ ਲਈ ਇਹ ਪਲ ਤਜਰਬੇ ਸਾਂਝੇ ਕਰਨ ਵਾਲੇ ਰਹੇ ਜਿਨ੍ਹਾਂ ਨੇ ਸੂਰਜ ਗ੍ਰਹਿਣ ਦੌਰਾਨ ਮੌਸਮ ਵਿੱਚ ਤਬਦੀਲੀ ਤੇ ਤਾਪਮਾਨ ਦੇ ਫ਼ਰਕ ਨੂੰ ਦੇਖਣ ਦਾ ਮੌਕਾ ਮਿਲਿਆ। ਦਿਆਲ ਸਿੰਘ ਕਾਲਜ ਦੇ ਅਧਿਆਪਕ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਘਟਨਾ ਬਹੁਤ ਮਹੱਤਵਪੂਰਨ ਰਹੀ ਖ਼ਾਸ ਕਰ ਕੇ ਜੋ ਵਿਦਿਆਰਥੀ ਖਗੋਲ ਪੜ੍ਹਦੇ ਹਨ ਤੇ ਉਨ੍ਹਾਂ ਦਾ ਵਾਹ ਅਸਮਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਪੜ੍ਹਨ ਸਮੇਂ ਪੈਂਦਾ ਹੈ। ਨਹਿਰੂ ਤਾਰਾ ਮੰਡਲ ਮੁਖੀ ਐਨ ਰਥਨਾਸ਼੍ਰੀ ਨੇ ਕਿਹਾ ਕਿ ਬੱਦਲਾਂ ਕਾਰਨ ਸੂਰਜ ਗ੍ਰਹਿਣ ਦੇਖਣ ਵਿੱਚ ਮੁਸ਼ਕਲ ਹੋਈ ਤੇ ਨਾਲ ਹੀ ਕਰੋਨਾ ਕਾਰਨ ਸਮਾਜਕ ਦੂਰੀਆਂ ਦੇ ਨੇਮਾਂ ਦੇ ਕਾਰਨ ਵੀ ਦੇਖਣ ਵਾਲਿਆਂ ਉੱਪਰ ਅਸਰ ਸਪਸ਼ਟ ਸੀ। ਤਾਰਾਮੰਡਲ ਵਿਚ ਦੂਰਬੀਨਾਂ ਲਾਈਆਂ ਸਨ ਤੇ ਹੋਰ ਉਪਰਕਰਨ ਲਾਏ ਗਏ। ਇੱਥੋਂ ਸੂਰਜ ਗ੍ਰਹਿਣ ਦੀਆਂ ਤਸਵੀਰਾਂ ਯੂ-ਟਿਊਬ ’ਤੇ ਸਿੱਧੀਆਂ ਪ੍ਰਸਾਰਿਤ ਕੀਤੀਆਂ ਗਈਆਂ। ਆਮ ਲੋਕਾਂ ਵੱਲੋਂ ਵੀ ਗ੍ਰਹਿਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਜੋਤਸ਼ੀਆਂ ਵੱਲੋਂ ਸੂਰਜ ਗ੍ਰਹਿਣ ਦੀ ਓਟ ਹੇਠ ਵਹਿਮ-ਭਰਮ ਵੀ ਫੈਲਾਉਣ ਦੀ ਕੋਸ਼ਿਸ਼ ਨਾਲ ਦੀ ਨਾਲ ਜਾਰੀ ਰਹੀ।
ਬ੍ਰਹਮਸਰੋਵਰ ਦੇ ਕੰਢੇ ਹੋਈਆਂ ਸਾਤਵਿਕ ਰਸਮਾਂ
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਰਜ ਗ੍ਰਹਿਣ ਦੌਰਾਨ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਦੇ ਕੰਢੇ ’ਤੇ ਜੋ ਹਵਨ ਯੱਗ ਕੀਤਾ ਹੈ, ਇਸ ਦਾ ਪੂਰੇ ਵਿਸ਼ਵ ਅਤੇ ਦੇਸ਼ ਨੂੰ ਫ਼ਾਇਦਾ ਹੋਵੇਗਾ। ਇਸ ਸਾਲ ਸੂਰਜ ਗ੍ਰਹਿਣ ਦਾ ਮੁੱਖ ਕੇਂਦਰ ਕੁਰੂਕਸ਼ੇਤਰ ਰਿਹਾ ਹੈ। ਇਸ ਕਿਸਮ ਦਾ ਸੂਰਜ ਗ੍ਰਹਿਣ ਇਸ ਸਦੀ ਅਤੇ ਆਉਣ ਵਾਲੇ ਸਮੇਂ ਵਿੱਚ ਨਹੀਂ ਦੇਖਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਚੰਡੀਗੜ੍ਹ ਤੋਂ ਆਨਲਾਈਨ ਡਿਜੀਟਲ ਮਾਧਿਅਮ ਰਾਹੀਂ ਕੁਰੂਕਸ਼ੇਤਰ ਬ੍ਰਹਮਸਰੋਵਰ ਦੇ ਗੰਗਾ ਘਾਟ ਵਿਚ ਵਿਸ਼ਵ ਸ਼ਾਂਤੀ ਅਤੇ ਕਰੋਨਾ ਦੀ ਮੁਕਤੀ ਲਈ ਕਰਵਾਏ ਸ਼ਾਂਤੀ ਪਾਠ ਦੀ ਸ਼ੁਰੂਆਤ ਤੋਂ ਪਹਿਲਾਂ ਵੱਖ-ਵੱਖ ਅਖਾੜਿਆਂ ਦੇ ਸੰਤਾਂ ਨਾਲ ਗੱਲਬਾਤ ਕਰ ਰਹੇ ਸਨ। ਮੁੱਖ ਮੰਤਰੀ ਮਨੋਹਰ ਲਾਲ ਨੇ ਮੱਸਿਆ ਦੇ ਸੂਰਜ ਗ੍ਰਹਿਣ ’ਤੇ ਮਨੁੱਖਤਾ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਕਰੋਨਾ ਮਹਾਂਮਾਰੀ ਨਾਲ ਲਾਗ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਮੇਲਾ ਨਹੀਂ ਲਗਾਇਆ ਗਿਆ।