ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਦਸੰਬਰ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਇਥੇ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਗੁਰਮਰਿਆਦਾ ਨਾਲ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮਹਾਵੀਰ ਨਗਰ ਵਿੱਚ ਪਹੁੰਚਾਏ ਗਏ। ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਫਸੇ ਹੋਏ 110 ਅਫਗਾਨ ਸਿੱਖ ਅਤੇ ਹਿੰਦੂ ਅੱਜ ਕਾਮ ਏਅਰ ਦੀ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਹਵਾਈ ਅੱਡੇ ’ਤੇ ਦੁਪਹਿਰ 2 ਵਜੇ ਪਹੁੰਚ ਗਏ। ਸ੍ਰੀ ਸਾਹਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਦਾ ਈ-ਵੀਜ਼ਾ ਜਾਰੀ ਕਰਨ ਅਤੇ ਨਿਕਾਸੀ ਦਾ ਪ੍ਰਬੰਧ ਕਰਨ ਵਿੱਚ ਦਖਲ ਦੇਣ ਲਈ ਧੰਨਵਾਦ ਕੀਤਾ। ਸਾਹਨੀ ਨੇ ਕਿਹਾ ਕਿ ਸ਼ਰਨਾਰਥੀ ਪਰਿਵਾਰਾਂ ਨੂੰ ਫਰਨੀਚਰ, ਮਹੀਨਾਵਾਰ ਘਰੇਲੂ ਖਰਚੇ, ਸਿਹਤ ਬੀਮਾ, ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਅਫਗਾਨ ਸਿੱਖ ਗੁਰਦੁਆਰਾ ਨਿਊ ਮਹਾਵੀਰ ਨਗਰ ਦੇ ਪ੍ਰਧਾਨ ਪ੍ਰਤਾਪ ਸਿੰਘ ਅਤੇ ਨਿਊਯਾਰਕ ਤੋਂ ਪਰਮਜੀਤ ਸਿੰਘ ਬੇਦੀ ਨੇ ਘਰ ਦਾ ਪ੍ਰਬੰਧ ਕਰਕੇ “ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ” ਪ੍ਰੋਗਰਾਮ ਦੇ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਸਪਾਂਸਰ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਸਾਹਨੀ ਨੇ ਪਿਛਲੇ ਸਾਲ 520 ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੱਢਣ ਲਈ ਤਿੰਨ ਚਾਰਟਰਡ ਉਡਾਣਾਂ ਭੇਜੀਆਂ ਸਨ, ਜਿਨ੍ਹਾਂ ਦਾ ਮੁੜ ਵਸੇਬਾ ਕੀਤਾ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਨ੍ਹਾਂ ਦੋ ਸਰੂਪਾਂ ਨੂੰ ਲਿਆਉਣ ਲਈ ਵਿਸ਼ੇਸ਼ ਤੌਰ ’ਤੇ ਫੁੱਲਾਂ ਨਾਲ ਸ਼ੁਸੋਭਿਤ ਪਾਲਕੀ ਸਾਹਿਬ ਸਮੇਤ ਕਮੇਟੀ ਦੀ ਟੀਮ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ ਸੀ, ਜਿਸਨੇ ਅਫਗਾਨਿਸਤਾਨ ਤੋਂ ਪਹੁੰਚੇ ਸਿੰਘਾਂ ਦਾ ਨਿੱਘਾ ਸਵਾਗਤ ਕੀਤਾ। ਸਰੂਪ ਲਿਆਉਣ ਵਾਲੇ ਜਥੇ ਵਿਚ ਸ਼ਾਮਲ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਦੀ ਟੀਮ ਨੇ ਪੂਰੇ ਅਦਬ ਤੇ ਸਤਿਕਾਰ ਨਾਲ ਇਹ ਸਰੂਪ ਅਫਗਾਨਿਸਤਾਨੀ ਸਿੱਖਾਂ ਤੋਂ ਲਏ ਤੇ ਬੱਸ ਵਿਚ ਸ਼ੁਸੋਭਿਤ ਕੀਤੇ ਗਏ, ਜਿਥੋਂ ਇਨ੍ਹਾਂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮਹਾਵੀਰ ਨਗਰ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰੂਪਾਂ ਨੂੰ ਲਿਆਉਣ ਵਾਸਤੇ ਗਏ ਜਥੇ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਕਮੇਟੀ ਦੇ ਮੈਂਬਰ ਰਮਨਜੋਤ ਸਿੰਘ, ਗੁਰਪ੍ਰੀਤ ਸਿੰਘ ਜੱਸਾ, ਜਸਮੇਨ ਸਿੰਘ ਨੋਨੀ, ਗੁਰਮੀਤ ਸਿੰਘ ਭਾਟੀਆ ਤੇ ਸੰਗਤ ਵੱਡੀ ਗਣਤੀ ਵਿਚ ਹਾਜ਼ਰ ਸੀ।