ਨਵੀਂ ਦਿੱਲੀ, 20 ਜੁਲਾਈ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਮੀਂਹ ਕਾਰਨ ਰਾਜਧਾਨੀ ਵਿੱਚ ਐਤਵਾਰ ਨੂੰ ਹੋਏ ਜਾਨ-ਮਾਲ ਦੇ ਨੁਕਸਾਨ ਦੇ ਮੱਦੇਨਜ਼ਰ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ।
ਰਾਜਧਾਨੀ ਵਿੱਚ ਮੌਨਸੂਨ ਦੇ ਪਹਿਲੇ ਭਾਰੀ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਐਤਵਾਰ ਨੂੰ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਦਿੱਲੀ ਦੇ ਮਿੰਟੋ ਬਿ੍ਰਜ ਹੇਠਾਂ ਪਾਣੀ ਭਰੇ ਜਾਣ ਕਾਰਨ ਮਿਨੀ ਟਰੱਕ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ।
ਸ੍ਰੀ ਗੁਪਤਾ ਨੇ ਦੋਸ਼ ਲਾਇਆ ਕਿ ਬਰਸਾਤ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਹੈ ਕਿਉਂਕਿ ਦਿੱਲੀ ਸਰਕਾਰ ਨੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫ਼ਾਈ ਦੀ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਇਹ ਜਾਰੀ ਕਰਨਾ ਚਾਹੀਦਾ ਹੈ ਕਿ ਕਿੰਨੇ ਨਾਲਿਆਂ ਦੀ ਸਫ਼ਾਈ ਕੀਤੀ ਗਈ ਹੈ। ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਮੌਨਸੂਨ ਦੀ ਪਹਿਲੀ ਬਰਸਾਤ ਵਿੱਚ ਦਿੱਲੀ ਸ਼ਹਿਰ ਵੈਨਿਸ ਬਣ ਗਿਆ।
ਦਿੱਲੀ ਸਰਕਾਰ ਦੀਆਂ ਏਜੰਸੀਆਂ ਨੇ ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ। ਅਸੀਂ ਮੰਗ ਕਰਦੇ ਹਾਂ ਕਿ ਐਤਵਾਰ ਦੀ ਬਰਸਾਤ ਕਾਰਨ ਆਪਣੀ ਜਾਨ ਗਵਾ ਚੁੱਕੇ ਚਾਰ ਲੋਕਾਂ ਨੂੰ ਦਿੱਲੀ ਸਰਕਾਰ ਮੁਆਵਜ਼ਾ ਦੇਵੇ। ਅੰਨਾ ਨਗਰ ਵਿੱਚ ਜਿਨ੍ਹਾਂ ਦੇ ਮਕਾਨ ਢਹਿ ਗਏ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਟਰੈਫ਼ਿਕ ਪੁਲੀਸ ਅਨੁਸਾਰ ਰਾਜਧਾਨੀ ਦੇ ਮਿੰਟੋ ਰੋਡ, ਆਜ਼ਾਦਪੁਰ ਅੰਡਰਪਾਸ, ਆਜ਼ਾਦ ਮਾਰਕੀਟ, ਮੂਲਚੰਦ ਅੰਡਰਪਾਸ ਸਮੇਤ ਭਾਰੀ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਅਤੇ ਟਰੈਫ਼ਿਕ ਵਿੱਚ ਵਿਘਨ ਪਿਆ ਸੀ। ਦਿੱਲੀ ਵਿੱਚ ਮੀਂਹ ਕਾਰਨ ਸੜਕਾਂ ’ਤੇ ਭਾਰੀ ਜਾਮ ਲੱਗ ਗਏ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਭਾਜਪਾ ਨੂੰ ਕਿਹਾ ਹੈ ਕਿ ਉਹ ਜਲ ਭੰਡਾਰਨ ਦੇ ਦੋਸ਼ਾਂ ਨੂੰ ਦਬਾਉਣ ਅਤੇ ਸਮੱਸਿਆ ਦੇ ਹੱਲ ਲਈ ਮਿਲ ਕੇ ਕੰਮ ਕਰਨ। -ਪੀਟੀਆਈ