ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਸਵਰਾਜ ਇੰਡੀਆ ਨੇ ਲਖਨਊ ਯੂਨੀਵਰਸਿਟੀ ਵਿੱਚ ਹਿੰਦੀ ਦੇ ਇੱਕ ਉੱਘੇ ਦਲਿਤ ਬੁੱਧੀਜੀਵੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਰਵੀਕਾਂਤ ਚੰਦਨ ਉੱਤੇ ਹਮਲੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਨਿੰਦਾ ਕੀਤੀ ਹੈ। ਸਵਰਾਜ ਇੰਡੀਆ ਨੇ ਮੰਗ ਕੀਤੀ ਕਿ ਪ੍ਰੋਫੈਸਰ ਚੰਦਨ ਵਿਰੁੱਧ ਦਰਜ ਐੱਫਆਈਆਰ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਪ੍ਰੋਫੈਸਰ ਚੰਦਨ ਨੂੰ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗੁੰਡਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਸਵਰਾਜ ਇੰਡੀਆ ਨੇ ਕਿਹਾ ਕਿ ਪ੍ਰੋਫੈਸਰ ਚੰਦਨ ਨੂੰ ਏਬੀਵੀਪੀ ਤੇ ਹਿੰਦੂਵਾਦੀ ਤਾਕਤਾਂ ਦੁਆਰਾ ਪੱਟਾਭੀ ਸੀਤਾਰਮੱਈਆ ਦੀ ਕਿਤਾਬ ‘ਫੀਦਰਜ਼ ਐਂਡ ਸਟੋਨਜ਼’ ਦੀ ਕਹਾਣੀ ਨੂੰ ਇੱਕ ਨਿਊਜ਼ ਪ੍ਰੋਗਰਾਮ ਵਿੱਚ ਸੁਣਾਉਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ‘ਏਬੀਵੀਪੀ’ ਤੇ ਹਿੰਦੂਵਾਦੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਦਾਖਲ ਹੋ ਕੇ ਹਿੰਦੀ ਵਿਭਾਗ ਨੂੰ ਘੇਰ ਲਿਆ ਤੇ ਪ੍ਰੋਫੈਸਰ ਚੰਦਨ ਵਿਰੁੱਧ ਹਿੰਸਕ ਨਾਅਰੇਬਾਜ਼ੀ ਕੀਤੀ। ਪ੍ਰੋਫ਼ੈਸਰ ਚੰਦਨ ਨੂੰ ਯੂਨੀਵਰਸਿਟੀ ਦੇ ਪ੍ਰੋਕਟਰ ਦੇ ਦਫ਼ਤਰ ਵਿੱਚ ਸ਼ਰਨ ਲੈਣੀ ਪਈ। ਸਵਰਾਜ ਇੰਡੀਆ ਨੇ ਕਿਹਾ ਕਿ ਇਹ ਹਮਲਾ ਵਧ ਰਹੀ ਅਸਹਿਣਸ਼ੀਲਤਾ, ਬਹਿਸ ਅਤੇ ਅਸਹਿਮਤੀ ਦੇ ਮਾਹੌਲ ਨੂੰ ਦਬਾਉਣ ਲਈ ਧਮਕਾਉਣ ਅਤੇ ਹਿੰਸਾ ਦੀ ਵਰਤੋਂ ਦੀ ਇੱਕ ਹੋਰ ਉਦਾਹਰਨ ਹੈ। ਇਸ ਦੌਰਾਨ ਸੱਤਾਧਾਰੀ ਸਰਕਾਰ ਭੀੜ ਦੀ ਸੁਰੱਖਿਆ ਤੇ ਸਮਰਥਨ ਜਾਰੀ ਰੱਖ ਰਹੀ ਹੈ।