ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਨੈਸ਼ਨਲ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਕ੍ਰਾਂਤੀਕਾਰੀਆਂ ਨੂੰ ਸ਼ਹੀਦਾਂ ਦਾ ਦਰਜਾ ਦੇਣ ਦੀ ਅਪੀਲ ਕੀਤੀ ਹੈ। ਦਿੱਲੀ ਦੇ ਜੰਤਰ-ਮੰਤਰ ’ਤੇ ਤਿਰੰਗੇ ਝੰਡੇ ਵੰਡਣ ਸਮੇਂ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਅਸ਼ਫ਼ਕਾਉਲ੍ਹਾ ਖ਼ਾਂ, ਖ਼ੁਦੀਰਾਮ ਬੋਸ, ਦੁਰਗਾਵਤੀ ਭਾਬੀ ਵਰਗੇ ਕਈ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਐਲਾਨ ਕੀਤਾ ਜਾਵੇ, ਜਿਸ ਨਾਲ ਅੰਮ੍ਰਿਤ ਦਾ ਮਹੋਤਸਵ ਮੁਹਿੰਮ ਨੂੰ ਚਾਰ ਚੰਨ ਲੱਗ ਜਾਣਗੇ। ਇਸ ਮੌਕੇ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ, ਧਰਮਵੀਰ ਆਨੰਦ, ਜਨਰਲ ਸਕੱਤਰ ਬਿੰਦੀਆ ਮਲਹੋਤਰਾ, ਸਤਪਾਲ ਸਿੰਘ ਮੰਗਾ, ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਭਾਵਨਾ ਧਵਨ, ਦਿੱਲੀ ਪ੍ਰਦੇਸ਼ ਪ੍ਰਧਾਨ ਕੁਲਦੀਪ ਸਿੰਘ ਮਰਵਾਹ ਅਤੇ ਹੋਰ ਕਈ ਮੈਂਬਰ ਸ਼ਾਮਲ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਤਿਰੰਗਾ, ਸਾਡਾ ਮਾਣ, ਕ੍ਰਾਂਤੀਕਾਰੀਆਂ ਦੀ ਸ਼ਹਾਦਤ ਦੇ ਨਾਅਰੇ ਲਾਏ। ਪੰਮਾ ਨੇ ਦੱਸਿਆ ਕਿ ਨੈਸ਼ਨਲ ਅਕਾਲੀ ਦਲ ਦੇ ਮੈਂਬਰ ਘਰ-ਘਰ ਜਾ ਕੇ ਤਿਰੰਗਾ ਲਹਿਰਾਉਣਗੇ ਅਤੇ ਦੇਸ਼ ਭਗਤੀ ਦੇ ਵੱਖ-ਵੱਖ ਪ੍ਰੋਗਰਾਮ ਕਰਨਗੇ। ਦੇਸ਼ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ| ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਉਨ੍ਹਾਂ ਦਾ ਇਤਿਹਾਸ ਪੜ੍ਹਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਜਾਗ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਨੂੰ ਸਰਕਾਰ ਜਲਦੀ ਤੋਂ ਜਲਦੀ ਸ਼ਹੀਦ ਦਾ ਦਰਜਾ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਰਕਾਰੀ ਸਹਾਇਤਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ਇਹ ਇਕ ਇਤਿਹਾਸਕ ਪਲ ਹੈ ਜਿਸ ਨੂੰ ਹਰ ਭਾਰਤੀ ਨੂੰ ਬੜੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।