ਨਵੀਂ ਦਿੱਲੀ ਵਿੱਚ ਬਿਹਾਰ ਭਵਨ ਦੇ ਬਾਹਰ ਮੁੱਖ ਮੰਤਰੀ ਨਤਿੀਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਰਕਰ। -ਫੋਟੋ: ਪੀਟੀਆਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਅੱਜ ਕੌਮੀ ਰਾਜਧਾਨੀ ਦੇ ਚਾਣਕਿਆਪੁਰੀ ਸਥਤਿ ਬਿਹਾਰ ਭਵਨ ਨੇੜੇ ਪ੍ਰਦਰਸ਼ਨ ਕੀਤਾ ਅਤੇ ਆਬਾਦੀ ਕੰਟਰੋਲ ’ਚ ਔਰਤਾਂ ਦੀ ਸਿੱਖਿਆ ਦੇ ਮਹੱਤਵ ’ਤੇ ਬਿਹਾਰ ਦੇ ਮੁੱਖ ਮੰਤਰੀ ਨਤਿੀਸ਼ ਕੁਮਾਰ ਦੀ ਟਿੱਪਣੀ ’ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਦਿੱਲੀ ਪ੍ਰਦੇਸ਼ ਭਾਜਪਾ ਦੇ ਮਹਿਲਾ ਮੋਰਚਾ ਸਮੇਤ ਪਾਰਟੀ ਦੀਆਂ ਵੱਡੀ ਗਿਣਤੀ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਬਿਹਾਰ ਦੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਬਿਹਾਰ ਭਵਨ ਦੇ ਬਾਹਰ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵ ਨੇ ਕਿਹਾ ਕਿ ਕੁਮਾਰ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਲਈ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦਿੱਲੀ ਇਕਾਈ ਦੇ ਵਰਕਰ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ। ਇਸ ਤੋਂ ਬਾਅਦ ਸ਼ਾਮ ਨੂੰ ਦਿੱਲੀ ਭਾਜਪਾ ਦੇ ਪੂਰਵਾਂਚਲ ਮੋਰਚਾ ਦੇ ਵਰਕਰਾਂ ਨੇ ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ਦਿਨੇਸ਼ ਪ੍ਰਤਾਪ ਸਿੰਘ ਅਤੇ ਮੋਰਚਾ ਪ੍ਰਧਾਨ ਨੀਰਜ ਤਿਵਾੜੀ ਦੀ ਅਗਵਾਈ ਹੇਠ ਚਾਣਕਿਆਪੁਰੀ ਸਥਤਿ ਬਿਹਾਰ ਨਿਵਾਸ ਵਿਖੇ ਇੱਕ ਵੱਖਰਾ ਪ੍ਰਦਰਸ਼ਨ ਵੀ ਕੀਤਾ ਉਧਰ ਮੁੱਖ ਮੰਤਰੀ ਨਤਿੀਸ਼ ਕੁਮਾਰ ਨੇ ਅੱਜ ਬਿਹਾਰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ।