ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚੋਂ ਲੋਨੀ ਰੋਡ-ਸ਼ਾਹਦਰਾ, ਹੇਮਕੁੰਠ ਕਲੋਨੀ ਦੀਆਂ ਬ੍ਰਾਂਚਾਂ ਵਿੱਚ ਅਧਿਆਪਕਾਂ ਤੇ ਹੋਰ ਅਮਲੇ ਨੂੰ ਤਨਖ਼ਾਹ ਵਿੱਚ ਦੇਰੀ ਕਾਰਨ ਬੀਤੇ ਦੋ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਦਿੱਲੀ ਪੁਲੀਸ ਵੱਲੋਂ ਕੋਵਿਡ-19 ਮਹਾਂਮਾਰੀ ਕਾਰਨ ਇਹ ਧਰਨੇ ਚੁਕਵਾ ਦਿੱਤੇ ਗਏ। ਲੋਨੀ ਰੋਡ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਅਧਿਆਪਕ ਆਗੂ ਜਸਵੰਤ ਕੌਰ ਵੱਲੋਂ ਥਾਂ-ਥਾਂ ਤਿੱਖੇ ਬਿਆਨ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਦਾਲਤੀ ਹੁਕਮਾਂ ਮੁਤਾਬਕ 60 ਫ਼ੀਸਦ ਤਨਖ਼ਾਹ ਅਮਲੇ ਨੂੰ ਦੇ ਰਹੇ ਹਨ। ਦਿੱਲੀ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੁੱਦਾਹੀਣ ਵਿਰੋਧੀ ਧਿਰ ਕੋਈ ਸਾਜਿਸ਼ ਰਚ ਰਹੀ ਹੈ ਪਰ ਸਕੂਲਾਂ ਦੇ ਸਾਰੇ ਅਮਲੇ ਨੂੰ ਛੇਵਾਂ ਤਨਖ਼ਾਹ ਕਮਿਸ਼ਨ ਨਾ ਦੇ ਕੇ ਪਿਛਲੇ ਪ੍ਰਬੰਧਕਾਂ ਨੇ ਧੋਖਾ ਦਿੱਤਾ ਸੀ ਜਿਸ ਦਾ ਖਮਿਆਜ਼ਾ ਕਮੇਟੀ ਨੂੰ ਭੁਗਤਣਾ ਪਿਆ ਸੀ। ਹੁਣ ਉਹੀ ਲੋਕ ਧਰਨਿਆਂ ਦੇ ਪਿੱਛੇ ਹਨ। ਇਸ ਦੌਰਾਨ ਅਧਿਆਪਕ ਆਗੂ ਜਸਵੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।