ਨਵੀਂ ਦਿੱਲੀ, 5 ਨਵੰਬਰ
ਦਿੱਲੀ ਵਿੱਚ ਅੱਜ ਛਠ ਪੂਜਾ ਦੇ ਪਹਿਲੇ ਦਿਨ ਸ਼ਰਧਾਲੂਆਂ ਨੇ ਯਮੁਨਾ ਨਦੀ ਵਿੱਚ ਜ਼ਹਿਰੀਲੀ ਝੱਗ ਦੀਆਂ ਮੋਟੀਆਂ ਪਰਤਾਂ ਦੇ ਬਾਵਜੂਦ ਇਸ਼ਨਾਨ ਕੀਤਾ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਵੱਲੋਂ ਕਾਲਿੰਦੀ ਕੁੰਜ ਖੇਤਰ ਵਿੱਚ ਪ੍ਰਦੂਸ਼ਿਤ ਨਦੀ ਵਿੱਚ ਇਸ਼ਨਾਨ ਕੀਤਾ ਗਿਆ ਤੇ ਤਿਉਹਾਰ ਨਾਲ ਸਬੰਧਤ ਰਸਮਾਂ ਕੀਤੀਆਂ। ਛਠ ਤਿਉਹਾਰ ਸੂਰਜ ਭਗਵਾਨ ਦੀ ਪੂਜਾ ਨੂੰ ਸਮਰਪਿਤ ਹੈ, ਜੋ ਚਾਰ ਦਿਨ ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਝੱਗ ਦੀ ਯਮੁਨਾ ਵਿੱਚ ਪ੍ਰਦੂਸ਼ਣ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ ਅਤੇ ਸ਼ਰਧਾਲੂਆਂ ਲਈ ਸਿਹਤ ਚਿੰਤਾਵਾਂ ਨੂੰ ਵਧਾਉਂਦੀ ਹੈ। ਰਾਸ਼ਟਰੀ ਰਾਜਧਾਨੀ ’ਚ ਛਠ ਪੂਜਾ ਲਈ ਘਾਟਾਂ ਦੀ ਤਿਆਰੀ ਨੂੰ ਲੈ ਕੇ ਸੱਤਾਧਾਰੀ ‘ਆਪ’ ਅਤੇ ਵਿਰੋਧੀ ਭਾਜਪਾ ਵਿਚਾਲੇ ਕਈ ਦਿਨਾਂ ਤੋਂ ਸਿਆਸੀ ਜੰਗ ਚੱਲ ਰਹੀ ਹੈ। ਛਠ ਪੂਜਾ ਦਿੱਲੀ ਦੇ ਪੂਰਵਾਂਚਲੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ, ਜਿਸ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਭੋਜਪੁਰੀ ਬੋਲਣ ਵਾਲੇ ਵਸਨੀਕ ਸ਼ਾਮਲ ਹਨ। ਭਾਈਚਾਰਾ ਦਿੱਲੀ ਵਿੱਚ 30-40 ਫ਼ੀਸਦ ਵੋਟਰਾਂ ਦੀ ਨੁਮਾਇੰਦਗੀ ਕਰਦਾ ਹੈ, ਜਿੱਥੇ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦਿੱਲੀ ਸਰਕਾਰ ਨੇ ਵੀ ਛਠ ਪੂਜਾ ਮੌਕੇ 7 ਨਵੰਬਰ ਨੂੰ ਜਨਤਕ ਛੁੱਟੀ ਐਲਾਨੀ ਹੈ।
ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਪੂਰਵਾਂਚਲ ਦੇ ਲੋਕਾਂ ਨੂੰ ਛਠ ਪੂਜਾ ਲਈ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਨਾ ਜਾਣਾ ਪਵੇ। ਚਾਰ ਰੋਜ਼ਾ ਛਠ ਉਤਸਵ ਦੇ ਪਹਿਲੇ ਦਿਨ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੀ ‘ਆਪ’ ਸਰਕਾਰ ਨੇ ਇੱਕ ਹਜ਼ਾਰ ਤੋਂ ਵੱਧ ਘਾਟ ਬਣਾਏ ਹਨ ਤਾਂ ਜੋ ਲੋਕ ਇਸ ਤਿਉਹਾਰ ਨੂੰ ਮਨਾ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ 10 ਸਾਲਾਂ ਤੋਂ ਦਿੱਲੀ ਦੀ ਸੱਤਾ ’ਤੇ ਕਾਬਜ਼ ਹੈ ਤੇ ਉਸ ਨੇ ਇਹ ਯਕੀਨੀ ਬਣਾਇਆ ਹੈ ਕਿ ਪੂਰਵਾਂਚਲ ਦੇ ਲੋਕਾਂ ਨੂੰ ਛੱਠ ਦਾ ਤਿਉਹਾਰ ਮਨਾਉਣ ਲਈ ਸ਼ਹਿਰ ਤੋਂ ਬਾਹਰ ਨਾ ਜਾਣਾ ਪਵੇ। ਆਤਿਸ਼ੀ ਨੇ ਕਿਹਾ, ‘‘ਆਪ ਦੀ ਸਰਕਾਰ ਆਉਣ ਤੋਂ ਪਹਿਲਾਂ, ਇੱਥੇ ਸਿਰਫ 60 ਛਠ ਘਾਟ ਸਨ ਪਰ ਅੱਜ ਇੱਕ ਹਜ਼ਾਰ ਤੋਂ ਵੱਧ ਘਾਟ ਬਣਾਏ ਜਾ ਰਹੇ ਹਨ ਤਾਂ ਜੋ ਲੋਕ ਇਸ ਤਿਉਹਾਰ ਨੂੰ ਮਨਾ ਸਕਣ।’’ 7 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਘਾਟਾਂ ’ਤੇ ਪਾਣੀ, ਪਖਾਨੇ, ਡਾਕਟਰ ਅਤੇ ਐਂਬੂਲੈਂਸ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪੂਰਵਾਂਚਲੀ ਦਾ ਇਹ ਮਹਾਨ ਤਿਉਹਾਰ ਮਨਾਇਆ ਜਾ ਸਕੇ। -ਪੀਟੀਆਈ
ਵਿਧਾਇਕ ਅਰੋੜਾ ਵੱਲੋਂ ਯਮੁਨਾ ਨਦੀ ’ਤੇ ਛਠ ਘਾਟਾਂ ਦਾ ਜਾਇਜ਼ਾ
ਯਮੁਨਾਨਗਰ (ਪੱਤਰ ਪ੍ਰੇਰਕ): ਯਮੁਨਾਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਨੇ ਛਠ ਪੂਜਾ ਦੇ ਮੱਦੇਨਜ਼ਰ ਅੱਜ ਨਗਰ ਨਿਗਮ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਯਮੁਨਾ ਨਦੀ ਦੇ ਘਾਟਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਘਾਟਾਂ ਦੀ ਸਫਾਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਸੁਧਾਰਾਂ ਲਈ ਸਖ਼ਤ ਹਦਾਇਤਾਂ ਦਿੱਤੀਆਂ। ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਛਠ ਪੂਜਾ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ। ਇਸ ਤਿਉਹਾਰ ਨੂੰ ਹਰ ਕੋਈ ਰਲ-ਮਿਲ ਕੇ ਧੂਮਧਾਮ ਨਾਲ ਮਨਾਉਂਦਾ ਹੈ। ਇੱਥੇ ਘਾਟਾਂ ’ਤੇ ਆਉਣ ਵਾਲੇ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਰਧਾਲੂਆਂ ਨੂੰ ਇੱਥੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਲਈ ਕਿਹਾ।