ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਗਾਜ਼ੀਪੁਰ ਦੇ ਕਿਸਾਨ ਧਰਨੇ ਵਿੱਚ ਢਾਡੀ ਜੱਥੇ ਵੱਲੋਂ ਸਿੱਖ ਇਤਿਹਾਸ ਦੇ ਬੀਰ ਰਸ ਨਾਲ ਭਰੇ ਪ੍ਰਸੰਗ ਗਾ ਕੇ ਕਿਸਾਨ ਏਕਤਾ ਦੇ ਪ੍ਰਤੀਕ ਬਣ ਚੁੱਕੇ ਇਸ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕੀ। ਢਾਡੀ ਜੱਥੇ ਵਿਕਰਮ ਸਿੰਘ ਤੇ ਸਾਥੀਆਂ ਵੱਲੋਂ ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਸਾਡਾ ਇਤਿਹਾਸ ਦਾ ਹਰ ਵਰਕਾ ਸੰਘਰਸ਼ ਦੀ ਗਾਥਾ ਪੇਸ਼ ਕਰਦਾ ਹੈ ਤੇ ਉਸੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਕਿਸਾਨ 4 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਹਾਕਮਾਂ ਦਾ ਔਖੀਆਂ ਹਾਲਤਾਂ ਵਿੱਚ ਟਾਕਰਾ ਕਰ ਰਹੇ ਹਨ। ਇਸ ਮੌਕੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਬਾਬਾ ਮੋਹਨ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮੋਰਚੇ ਨੇ ਕਿਸਾਨਾਂ ਵਿੱਚ ਜੋ ਏਕਾ ਕੌਮੀ ਪੱਧਰ ’ਤੇ ਬਣਾਇਆ ਹੈ ਇਸ ਦੇ ਸਮਾਜਕ, ਆਰਥਿਕ ਤੇ ਸੱਭਿਆਚਾਰਕ ਪ੍ਰਭਾਵ ਪੈਣਗੇ ਤੇ ਇਸ ਅੰਦੋਲਨ ਦੇ ਦੂਰਰਸੀ ਹਾਂ-ਪੱਖੀ ਨਤੀਜੇ ਨਿਕਲਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਬੀਤੇ 6 ਸਾਲਾਂ ਦੌਰਾਨ ਐਨੇ ਵੱਡੇ ਘੋਲ ਦਾ ਟਾਕਰਾ ਨਹੀਂ ਸੀ ਕੀਤਾ ਤੇ ਕਿਸਾਨਾਂ ਨੇ ਇਹ ਪਹਿਲ ਕਰਕੇ ਹੋਰ ਵਰਗਾਂ ਨੂੰ ਵੀ ਚੇਤਨਾ ਦਿੱਤੀ ਹੈ ਕਿ ਫਿਰਕੂ ਤਾਕਤਾਂ ਨਾਲ ਕਿਵੇਂ ਸਿੱਝਣਾ ਹੈ।