ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਕਤੂਬਰ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਮਹੀਨਾਵਾਰ ਲੈਕਚਰ ਦੇ ਪ੍ਰੋਗਰਾਮ ਤਹਿਤ ਇਸ ਵਾਰ ‘ਪੰਜਾਬ ’ਚ ਹਿੰਸਾ ਕਿਵੇਂ ਖ਼ਤਮ ਹੋਈ’ ਵਿਸ਼ੇ ’ਤੇ ਯੂਨੀਵਰਸਿਟੀ ਆਫ ਕੈਲੀਫ਼ੋਰਨੀਆ, ਸਾਂਤਾ ਬਾਰਬਰਾ ਤੋਂ ਪ੍ਰੋ. ਮਾਰਕ ਜ਼ਰਗਨਜ਼ਮੇਅਰ ਨੇ ਲੈਕਚਰ ਦਿੱਤਾ। ਸਮਾਗਮ ਦੀ ਪ੍ਰਧਾਨਗੀ ਇੰਸਟੀਟਿਊਟ ਆਫ਼ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ, ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫ਼ੈਸਰ ਪ੍ਰਮੋਦ ਕੁਮਾਰ ਨੇ ਕੀਤੀ। ਇਸ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ’ਚ ਬੀ. ਆਰ. ਅੰਬੇਡਕਰ ਚੇਅਰ ਅਤੇ ਰਾਜਨੀਤੀ ਵਿਗਿਆਨ ਦੇ ਸਾਬਕਾ ਪ੍ਰੋਫ਼ੈਸਰ ਹਰੀਸ਼ ਕੇ. ਪੁਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਵਿਗਿਆਨ ਦੇ ਸਾਬਕਾ ਪ੍ਰੋਫ਼ੈਸਰ ਜਗਰੂਪ ਸਿੰਘ ਸੇਖੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਪ੍ਰੋਫ਼ੈਸਰ ਮਹਿੰਦਰ ਸਿੰਘ ਨੇ ਪ੍ਰਮੁੱਖ ਵਕਤਿਆਂ ਨਾਲ ਜਾਣ-ਪਛਾਣ ਕਰਾਈ। ਪ੍ਰੋ. ਮਾਰਕ ਅਨੁਸਾਰ ਹਿੰਸਾ ਦਾ ਕਾਰਨ ਸਿਰਫ਼ ਧਰਮ ਨਹੀਂ ਹੁੰਦਾ, ਇਸ ਦੇ ਪਿੱਛੇ ਰਾਜਨੀਤਕ, ਸਮਾਜਕ ਤੇ ਆਰਥਿਕ ਮੁੱਦੇ ਕਾਰਜਸ਼ੀਲ ਹੁੰਦੇ ਹਨ। ਪੰਜਾਬ ’ਚ ਪਨਪੀ ਹਿੰਸਾ ਪਿੱਛੇ ਵੀ ਇਹੀ ਮੁੱਦੇ ਸਨ, ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਸਹੀ ਢੰਗ ਨਾਲ ਨਜਿੱਠ ਨਹੀਂ ਸਕੀਆਂ। ਇਸ ਮੁਤੱਲਕ ਉਨ੍ਹਾਂ ਵੱਸਣ ਸਿੰਘ ਜ਼ਫਰਵਾਲ, ਸਾਬਕਾ ਪੁਲੀਸ ਮੁਖੀ ਕੇ.ਪੀ.ਐਸ. ਗਿੱਲ ਤੇ ਹੋਰਨਾਂ ਮੋਹਤਬਰਾਂ ਨਾਲ ਕੀਤੀਆਂ ਮੁਲਾਕਾਤਾਂ ਵੀ ਸਾਂਝੀਆਂ ਕੀਤੀਆਂ। ਪ੍ਰੋ. ਹਰੀਸ਼ ਕੇ. ਪੁਰੀ ਨੇ ਵੀ ਪੰਜਾਬ ਦੀ ਹਿੰਸਾ ਲਈ ਮੁੱਖ ਤੌਰ ’ਤੇ ਸਟੇਟ ਨੂੰ ਜ਼ਿੰਮੇਵਾਰ ਦੱਸਿਆ। ਅਖੀਰ ’ਚ ਪ੍ਰੋ. ਮਹਿੰਦਰ ਸਿੰਘ ਨੇ ਹਿੰਸਾ ਦੇ ਉਸ ਦੌਰ ਨੂੰ ਪੰਜਾਬ ’ਚ ਅੱਜ ਦੇ ਹਾਲਾਤ ਨਾਲ ਜੋੜਦਿਆਂ ਕਿਹਾ ਕਿ ਸਾਨੂੰ ਗੁਜ਼ਰੇ ਵਕਤ ਤੋਂ ਸਿੱਖਣਾ ਚਾਹੀਦਾ ਹੈ ਤਾਂ ਜੋ ਪੁਰਾਣੀਆਂ ਗਲਤੀਆਂ ਮੁੜ ਕੇ ਦੁਹਰਾਈਆਂ ਨਾ ਜਾ ਸਕਣ। ਉਨ੍ਹਾਂ ਵਕਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।