ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਦਸੰਬਰ
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਮਹਿੰਦਰਪਾਲ ਸਿੰਘ ਧਾਲੀਵਾਲ ਦੇ ਨਾਵਲ ‘ਸੋਫੀਆ’ ਬਾਰੇ ਚਰਚਾ ਕੀਤੀ ਗਈ। ਇਸ ਨਾਵਲ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਗੁਰਮੁਖ ਸਿੰਘ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਅਸਿਸਟੈਂਟ ਪ੍ਰੋਫ਼ੈਸਰ ਡਾ. ਪ੍ਰਵੀਨ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਰਵੇਲ ਸਿੰਘ ਨੇ ਲੇਖਕ ਤੇ ਬੁਲਾਰਿਆਂ ਬਾਰੇ ਜਾਣ-ਪਛਾਣ ਕਰਾਈ। ਉਪਰੰਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀਓ ਆਇਆਂ ਕਹਿੰਦਿਆਂ ਸਦਨ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਦਲੀਪ ਸਿੰਘ ਅਤੇ ਸੋਫੀਆ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ। ਡਾ. ਗੁਰਮੁਖ ਸਿੰਘ ਨੇ ਨਾਵਲ ‘ਸੋਫੀਆ’ ਦੀ ਗੱਲ ਕਰਦਿਆਂ ਇਸ ਵਿਸ਼ੇ ’ਤੇ ਅਨੀਤਾ ਆਨੰਦ ਵੱਲੋਂ ਲਿਖੀ ਇੱਕ ਵੱਡਅਕਾਰੀ ਪੁਸਤਕ ‘ਸੋਫੀਆ : ਪ੍ਰਿੰਸਿਸ, ਸਫਰਗੇਟੀ, ਰੈਵੋਲੂਸ਼ਨਰੀ’ ਦਾ ਜ਼ਿਕਰ ਕੀਤਾ। ਡਾ. ਪ੍ਰਵੀਨ ਕੁਮਾਰ ਨੇ ਨਾਵਲ ਦੇ ਸਿਧਾਂਤਕ ਸਰੋਕਾਰਾਂ ਦੀ ਗੱਲ ਕਰਦਿਆਂ ਇਸ ਦੀ ਵਿਲੱਖਣਤਾ ਅਤੇ ਮੌਜੂਦਾ ਸਮੇਂ ਇਸਦੀ ਪ੍ਰਸੰਗਿਕਤਾ ਨੂੰ ਉਘਾੜਿਆ। ਉਨ੍ਹਾਂ ਅਨੁਸਾਰ ਨਾਵਲ ’ਚ ਨਵੇਂ ਦਾ ਸਬੰਧ ਉਥੋਂ ਦੀ ਰਹਿਤਲ, ਪਰੰਪਰਾ ਅਤੇ ਭੂਗੋਲਿਕ ਬਣਤਰ ਦੇ ਆਧਾਰ ’ਤੇ ਨਿਸ਼ਚਿਤ ਹੁੰਦਾ ਹੈ ਨਾ ਕਿ ਪੂੰਜੀਵਾਦੀ ਨਿਜ਼ਾਮ ਜਾਂ ਵਿਸ਼ਵੀਕਰਨ ਦੀਆਂ ਬਣਤਰਾਂ ਉਸਨੂੰ ਨਿਰਧਾਰਿਤ ਕਰਦੀਆਂ ਹਨ। ਉਨ੍ਹਾਂ ਅਨੁਸਾਰ ਆਪਣਿਆਂ ਸਮਿਆਂ ’ਚ ਸਫਰਜੈਟ ਅੰਦੋਲਨ ਦੌਰਾਨ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੀ ਸੋਫੀਆ ਦੇ ਜੀਵਨ ਤੋਂ ਸਾਨੂੰ ਔਰਤ ਸ਼ਕਤੀ ਦੇ ਬਹੁ ਪਾਸਾਰਾਂ ਦੀ ਝਲਕਦੇ ਨਾਲ-ਨਾਲ ਵਿਰਸੇ ਅਤੇ ਪੁਰਖਿਆਂ ਦੀ ਭੂਮੀ ਨਾਲ ਜੁੜਾਓ ਵੀ ਦੇਖਣ ਨੂੰ ਮਿਲਦਾ ਹੈ। ਉਨਾਂ ਅਨੁਸਾਰ ਇਨ੍ਹਾਂ ਸਭ ਗੱਲਾਂ ਦਾ ਜ਼ਿਕਰ ਉਪਰ ਵਰਣਿਤ ਅਨੀਤਾ ਆਨੰਦ ਦੀ ਪੁਸਤਕ ਵਿਚ ਭਲੀ ਪ੍ਰਕਾਰ ਹੋਇਆ ਹੈ। ਇਸ ਮਗਰੋਂ ਸ੍ਰੀ ਧਾਲੀਵਾਲ ਨੇ ਪੁਸਤਕ ਦੇ ਪ੍ਰੇਰਨਾ ਸਰੋਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਇਸ ਨਾਵਲ ਨੂੰ ਲਿਖਣ ਦਾ ਮਕਸਦ ਸੋਫੀਆ ਦੇ ਕਿਰਦਾਰ ਨੂੰ ਉਭਾਰਨਾ ਸੀ ਜਿਸਦੀ ਚਰਚਾ ਪੱਛਮ ਦੀਆਂ ਲਿਖਤਾਂ ’ਚ ਕਾਫ਼ੀ ਹੋਈ ਹੈ ਪਰ ਇੱਥੇ ਖ਼ਾਸਕਰ ਪੰਜਾਬੀ ’ਚ ਸੋਫੀਆ ਬਾਰੇ ਜ਼ਿਕਰ ਨਾਂ-ਮਾਤਰ ਹੀ ਹੋਇਆ ਹੈ।