ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਨੈਸ਼ਨਲ ਇੰਸਟੀਟਿਊਟ ਆਫ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਪ੍ਰਮੋਦ ਕਪੂਰ ਦੀ ਪੁਸਤਕ ‘1946 : ਲਾਸਟ ਵਾਰ ਆਫ ਇੰਡੀਪੈਂਡੈਂਸ : ਰਾਇਲ ਇੰਡੀਅਨ ਨੇਵੀ ਮੁਟੀਨੀ’ ਉੱਤੇ ਚਰਚਾ ਕੀਤੀ ਗਈ। ਇਸ ਦੇ ਪੈਨਲ ਵਕਤਾ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਭਾਰਤੀ ਫੌਜ ਦੇ ਲੈਫ਼ਟੀਨੈਂਟ ਜਨਰਲ (ਡਾ.) ਡੀਡੀਐਸ ਸੰਧੂ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਿਪਾਰਟਮੈਂਟ ਆਫ ਡੀਫੈਂਸ ਐਂਡ ਸਟਰੈਟੇਜਿਕ ਸਟੱਡੀਜ਼ ਦੇ ਪ੍ਰੋਫੈਸਰ ਅਤੇ ਮੁਖੀ ਡਾ. ਕਮਲਕਿੰਗਰ ਸਨ। ਪੁਸਤਕ ਦੇ ਲੇਖਕ ਅਤੇ ਰੋਲੀ ਬੁਕਸ ਦੇ ਬਾਨੀ ਪ੍ਰਮੋਦ ਕਪੂਰ ਇਸ ਚਰਚਾ ’ਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਸੰਚਾਲਨ ਦਿਆਲ ਸਿੰਘ ਈਵਨਿੰਗ ਕਾਲਜ, ਯੂਨੀਵਰਸਿਟੀ ਆਫ ਦਿੱਲੀ ਤੋਂ ਡਾ. ਮਾਧੁਰੀ ਚਾਵਲਾ ਨੇ ਕੀਤਾ। ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸੰਬੋਧਨ ਕੀਤਾ। ਡਾ. ਮਾਧੁਰੀ ਚਾਵਲਾ ਨੇ ਪੁਸਤਕ ਬਾਰੇ ਸੰਖੇਪ ’ਚ ਜ਼ਿਕਰ ਕਰਦਿਆਂ ਪ੍ਰਮੁੱਖ ਵਕਤਿਆਂ ਨਾਲ ਜਾਣ-ਪਛਾਣ ਕਰਾਈ। ਲੈਫ਼. ਜਨਰਲ ਡੀਡੀਐਸ ਸੰਧੂ ਨੇ ਪੁਸਤਕ ਬਾਰੇ ਬੋਲਦਿਆਂ 1942 ਤੋਂ 1946 ਤਕ ਰਾਇਲ ਇੰਡੀਅਨ ਨੇਵੀ ਸੈਨਿਕਾਂ ਵਲੋਂ ਕੀਤੀਆਂ ਗਈਆਂ 9 ਬਗਾਵਤਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਦੇ ਵਾਪਰਨ ਦੇ ਕਾਰਨਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਅਨੁਸਾਰ 1946 ਦੀ ਬਗਾਵਤ 18 ਤੋਂ 25 ਸਾਲ ਦੀ ਉਮਰ ਦੇ ਸੈਨਿਕਾਂ ਵੱਲੋਂ ਕੀਤੀ ਗਈ ਸੀ ਅਤੇ ਇਸ ਦਾ ਪ੍ਰਭਾਵ ਇੰਨਾ ਵਧਿਆ ਕਿ ਉਸ ਵੇਲੇ ਤਕਰੀਬਨ 20,000 ਨੇਵੀ ਸੈਨਿਕ ਇਸ ਵਿਚ ਸ਼ਾਮਲ ਹੋ ਗਏ ਤੇ 78 ਨੇਵੀ ਜਹਾਜ਼ਾਂ ’ਤੇ ਉਨ੍ਹਾਂ ਕਬਜ਼ਾ ਕਰ ਲਿਆ। ਪਰ ਇਸ ਸਭ ਦੇ ਬਾਵਜੂਦ ਇਹ ਬਗਾਵਤ ਸਫਲ ਨਾ ਹੋ ਸਕੀ ਜਿਸ ਵਿਚ ਉਸ ਵੇਲੇ ਦੇ ਨੇਤਾਵਾਂ ਵਲੋਂ ਸਹਿਯੋਗ ਨਾ ਮਿਲਣਾ, ਨਾਤਜਰਬਾ ਅਤੇ ਲੋਕ-ਜਾਗਰੂਕਤਾ ਦਾ ਨਾ ਹੋਣਾ ਆਦਿ ਪ੍ਰਮੁੱਖ ਸਨ। ਭਾਵੇਂ ਅੰਗਰੇਜ਼ਾਂ ਵੱਲੋਂ ਉਸ ਵੇਲੇ ਇਸ ਬਗਾਵਤ ਨੂੰ, ਜਿਸ ਵਿਚ ਲਗਪਗ 300 ਤੋਂ 350 ਤੱਕ ਹੋਈਆਂ ਮੌਤਾਂ ਦੀ ਖਬਰ ਹੈ, ਪਰ ਆਪਣੇ ਸਰੂਪ ਦੀ ਇਸ ਬਗਾਵਤ ਨੂੰ ਭਾਰਤੀ ਸੁਤੰਤਰਤਾ ਦੀ ਆਖਰੀ ਜੰਗ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਵੇਲੇ ਨੇਵੀਂ ਸੈਨਿਕਾਂ ਵਲੋਂ ਸੌਂਪੇ ਗਏ ਮੰਗ ਪੱਤਰ ਦੀਆਂ ਮਦਾਂ ’ਚ ਅਜ਼ਾਦੀ ਦੀ ਭਾਵਨਾ ਦਾ ਪ੍ਰਗਟਾਵਾ ਸਾਫ ਝਲਕਦਾ ਹੈ।ਡਾ. ਕਮਲਕਿੰਗਰ ਦੇ ਅਨੁਸਾਰ ਇਹ ਪੁਸਤਕ ਸਾਡੇ ਲਈ ਉਸ ਵੇਲੇ ਦੇ ਹਾਲਾਤ ਬਾਰੇ ਅੱਖਾਂ ਖੋਲ੍ਹਣ ਵਾਲੀ ਹੈ ਕਿ ਕਿਸ ਤਰ੍ਹਾਂ ਇਕ ਵਿਦਰੋਹ ਜਿਹੜਾ ਹੋਰ ਵੱਡੇ ਰੁਖ਼ ਫੈਲ ਸਕਦਾ ਸੀ, ਪਰ ਰਾਜਨੀਤਕ ਮੁਫਾਦਾਂ ’ਚ ਫਸੇ ਲੀਡਰਾਂ ਦੀ ਬੇਮੁਖਤਾ ਕਾਰਨ ਇਤਿਹਾਸ ਦੇ ਪੰਨਿਆਂ ’ਚੋਂ ਹੀ ਲੋਪ ਹੋ ਗਿਆ। ਪ੍ਰਮੋਦ ਕਪੂਰ ਨੇ ਪੁਸਤਕ ਦੇ ਸਿਰਜਨਾਤਮਕ ਸਰੋਤਾਂ ਦਾ ਉਲੇਖ ਕਰਦਿਆਂ ਉਨ੍ਹਾਂ ਖਤਾਂ ਦਾ ਜ਼ਿਕਰ ਕੀਤਾ ਜਿਹੜੇ ਉਨ੍ਹਾਂ ਨੂੰ ਗਾਂਧੀ ਦੀ ਜੀਵਨੀ ਲਿਖਦਿਆਂ ਸਮੇਂ ਮਿਲੇ ਸਨ। ਇਸ ਮੌਕੇ ਡਾ. ਰਵੇਲ ਸਿੰਘ ਨੇ ਵੀ ਸੰਬੋਧਨ ਕੀਤਾ।