ਕੁਲਦੀਪ ਸਿੰਘ
ਨਵੀਂ ਦਿੱਲੀ, 20 ਜੁਲਾਈ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪੁਸਤਕ ਚਰਚਾ ਦੇ ਪ੍ਰੋਗਰਾਮ ‘ਗੋਸ਼ਟੀ’ ਤਹਿਤ ਪ੍ਰੋ. ਸਤਿਆਪਾਲ ਗੌਤਮ ਦੀ ਪੁਸਤਕ ‘ਕਸ਼ਟ ਕਸੌਟੀ ਜੋ ਟਿਕੇ’ ਦੇ ਉਪਰ ਆਨਲਾਈਨ ਚਰਚਾ ਕੀਤੀ ਗਈ। ਚਰਚਾ ‘ਚ ਪ੍ਰਮੁੱਖ ਵਕਤਿਆਂ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਸਤੀਸ਼ ਕੁਮਾਰ ਵਰਮਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਸੁਧੀਰ ਬਵੇਜਾ ਨੇ ਆਪਣੇ ਵਿਚਾਰ ਰੱਖੇ ਤੇ ਪ੍ਰੋ. ਭਗਵਾਨ ਜੋਸ਼ ਇਸ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪ੍ਰੋਗਰਾਮ ਦੇ ਆਰੰਭ ‘ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸਦਨ ਦੇ ਸਾਹਿਤਕ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਉਪਰੰਤ ਪ੍ਰੋਗਰਾਮ ਦੇ ਸੰਚਾਲਕ ਡਾ. ਮੁਨੀਸ਼ ਕੁਮਾਰ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਸ ਪੁਸਤਕ ਦੇ ਸੱਤ ਪਾਠ ਹਨ ਜੋ ਕਿ ਸੰਕਲਪਗਤ ਪੱਧਰ ’ਤੇ ਇਕ-ਦੂਜੇ ਨਾਲ ਅੰਤਰ-ਸਬੰਧਿਤ ਹਨ। ਉਨ੍ਹਾਂ ਅਨੁਸਾਰ ਇਸ ਪੁਸਤਕ ‘ਚ ਪੰਜਾਬੀ ਰਹਿਤਲ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਮਨੁੱਖੀ ਹੋਂਦ ਦੇ ਪ੍ਰਮੁੱਖ ਅਤੇ ਗੌਣ ਮਸਲਿਆਂ ਨੂੰ ਸੰਵਾਦ ਦੇ ਰਾਹੀਂ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਸਤਕ ‘ਚ ਹੋਇਆ ਇਹ ਸੰਵਾਦ ਭਾਰਤੀ ਸਮਾਜ ਦੀਆਂ ਵੱਖ-ਵੱਖ ਰਹਿਤਲਾਂ ਨੂੰ ਸਮਝਣ ‘ਚ ਵੀ ਸਹਾਈ ਹੈ, ਜਿਸ ਵਿੱਚ ਨੌਜਵਾਨ ਤਬਕੇ ਦਾ ਸਹਿਯੋਗ ਲੋੜੀਂਦਾ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਬੋਲਦਿਆਂ ਪੰਜਾਬੀ ‘ਚ ਲਿਖੀ ਇਸ ਕਿਤਾਬ ਨੂੰ ਸਾਹਿਤ ਦੀ ਪੁਸਤਕ ਵੀ ਕਿਹਾ ਤੇ ਫ਼ਿਲਾਸਫ਼ੀ ਦੀ ਵੀ। ਡਾ. ਸੁਧੀਰ ਬਵੇਜਾ ਨੇ ਪ੍ਰੋ. ਸਤਿਆਪਾਲ ਗੌਤਮ ਨਾਲ ਬਤੌਰ ਵਿਦਿਆਰਥੀ ਆਪਣੀਆਂ ਨਿੱਜੀ ਸਾਂਝਾਂ ਦਾ ਜ਼ਿਕਰ ਕਰਦਿਆਂ ਪੁਸਤਕ ਦੇ ਪਾਠਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਅਨੁਸਾਰ ਪ੍ਰੋ. ਗੌਤਮ ਨੇ ਇਸ ਪੁਸਤਕ ਨੂੰ ਆਮ ਜਨ ਲਈ ਲਿਖਿਆ ਹੈ ਨਾ ਕਿ ਸਮਾਜ ਦਾਰਸ਼ਨਿਕਾਂ ਜਾਂ ਸਮਾਜ ਵਿਗਿਆਨੀਆਂ ਲਈ।
ਲੇਖਕ ਵੱਲੋਂ ਆਪਣੀ ਬੇਬਾਕ ਰਾਇ ਨੂੰ ਵਿਸ਼ਵਾਸ ਸਹਿਤ ਪ੍ਰਗਟਾਉਣਾ ਇਸ ਪੁਸਤਕ ਦਾ ਉਘੜਵਾਂ ਲੱਛਣ ਹੈ। ਅਖ਼ੀਰ ਵਿੱਚ ਪ੍ਰੋ. ਭਗਵਾਨ ਜੋਸ਼ ਨੇ ਪੁਸਤਕ ਅਤੇ ਤਿੰਨ ਵਕਤਿਆਂ ਦੀਆਂ ਪੁਸਤਕ ਬਾਬਤ ਕਹੀਆਂ ਗੱਲਾਂ ’ਤੇ ਟਿੱਪਣੀ ਕਰਦਿਆਂ ਇਸ ਮਿਆਰੀ ਗੋਸ਼ਟੀ ਨੂੰ ਪੰਜਾਬੀ ਸਾਹਿਤ ਅਤੇ ਫ਼ਿਲਾਸਫ਼ੀ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਦੱਸਿਆ। ਉਨ੍ਹਾਂ ਅਨੁਸਾਰ ਪ੍ਰੋ. ਗੌਤਮ ਦੇ ਤਿੰਨੋਂ ਸਰੋਕਾਰਾਂ ਸਮਾਜ ਵਿਗਿਆਨ, ਸਾਹਿਤ ਅਤੇ ਫ਼ਲਸਫ਼ਾ ਉਪਰ ਇਨ੍ਹਾਂ ਤਿੰਨਾਂ ਵਿਦਵਾਨਾਂ ਨੇ ਬਹੁਤ ਸੁੰਦਰ ਖੁਲਾਸਾ ਕਰਦਿਆਂ ਪੁਸਤਕ ਨਾਲ ਪੂਰਾ ਇਨਸਾਫ਼ ਕੀਤਾ ਹੈ। ਅਖ਼ੀਰ ‘ਚ ਪ੍ਰੋ. ਰਵੇਲ ਸਿੰਘ ਨੇ ਕਿਸੇ ਵੀ ਰਚਨਾ ‘ਚ ਉਸ ਦੇ ਲੁਕਵੇਂ ਪਾਠ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇਸ ਆਨਲਾਈਨ ਚਰਚਾ ‘ਚ ਸ਼ਾਮਲ ਵਕਤਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।