ਕੁਲਦੀਪ ਸਿੰਘ
ਨਵੀਂ ਦਿੱਲੀ, 20 ਫਰਵਰੀ
ਪੰਜਾਬੀ ਬਾਗ ਕਲੱਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਦਮ ਭੂਸ਼ਣ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੀ ਪੁਸਤਕ ‘ਸਰਦਾਰ ਤਰਲੋਚਨ ਸਿੰਘ ਹਿਸਟੌਰਿਕ ਜਰਨੀ’ ਉਪਰ ਵਿਚਾਰ ਚਰਚਾ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਇੰਦਰ ਪਾਲ ਸਿੰਘ ਰਾਜੂ ਨੇ ਕਿਹਾ ਕਿ ਤਰਲੋਚਨ ਸਿੰਘ ਭਾਰਤ-ਪਾਕਿਸਤਾਨ ਵੰਡ ਦੇ ਦੁਖ਼ਾਤ ਨੂੰ ਹੰਢਾਉਂਦੇ ਹੋਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਤੇ ਰਾਜ ਸਭਾ ਦੇ ਮੈਂਬਰ ਦੀ ਸੇਵਾਵਾਂ ਲਈ ਚੁਣੇ ਗਏ। ਮੱਖਣ ਸਿੰਘ ਨੇ ਕਿਹਾ ਕਿ ਤਰਲੋਚਨ ਸਿੰਘ ਕਿਸੇ ਦੀ ਖਿੱਚੀ ਹੋਈ ਲੀਕ ਉੱਤੇ ਕਦਮ ਨਹੀਂ ਰੱਖਦੇ, ਜਿੱਥੇ ਕਦਮ ਰੱਖਦੇ ਹਨ ਉਥੇ ਹੀ ਰਾਹ ਬਣ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਦੇ ਪੀਆਰਓ ਦੀਆਂ ਸੇਵਾਵਾਂ ਤੋਂ ਸ਼ੁਰੂ ਹੋ ਕੇ ਰਾਸ਼ਟਰਪਤੀ ਦੇ ਮੀਡੀਆ ਸਲਾਹਕਾਰ ਵਜੋਂ ਬਾਖ਼ੂਬੀ ਸੇਵਾਵਾਂ ਨਿਭਾਈਆਂ। ਪ੍ਰੋ. ਹਰਬੰਸ ਸਿੰਘ ਨੇ ਦੱਸਿਆ ਕਿ ਤਰਲੋਚਨ ਸਿੰਘ ਨੇ ਕਿਸਾਨਾਂ ਲਈ ਪਹਿਲੀ ਵਾਰ ਕੰਬਾਈਨ ਮਸ਼ੀਨ ਪੰਜਾਬ ਵਿਚ ਲਿਆਉਣ ਲਈ ਵਿਸ਼ੇਸ਼ ਪਹਿਲ ਕੀਤੀ। ਉਨ੍ਹਾਂ ਆਪਣੇ ਕਾਰਜਕਾਲ ਵਿੱਚ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਸ਼੍ਰੇਣੀ ਦਾ ਦਰਜਾ ਪ੍ਰਾਪਤ ਕਰਵਾਇਆ। ਅਨੰਦ ਮੈਰਿਜ ਐਕਟ ਤਰਲੋਚਨ ਸਿੰਘ ਦੀ ਵਿਸ਼ੇਸ਼ ਦੇਣ ਹੈ। ਚਰਨਜੀਤ ਸਿੰਘ ਸ਼ਾਹ (ਆਰਕੀਟੈਕਟ ਕਰਤਾਰਪੁਰ ਲਾਂਘਾ) ਨੇ ਕਿਹਾ ਕਿ ਸਿੱਖ ਕੌਮ ਦੀ 75 ਸਾਲ ਦੀ ਯਾਤਰਾ ਵਿੱਚ ਸਮੇਂ-ਸਮੇਂ ਆਏ ਉਤਾਰ-ਚੜਾਵਾਂ ਨੂੰ ਇਹ ਪੁਸਤਕ ਬਾਖ਼ੂਬੀ ਪੇਸ਼ ਕਰਦੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਨ੍ਹਾਂ ਵੱਲੋਂ ਪਾਰਲੀਮੈਂਟ ਹਾਊਸ ਵਿਚ ਮਾਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਮਾ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਸਥਾਪਤ ਕਰਵਾਈ ਗਈ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਦੇ ਨੈਸ਼ਨਲ ਸਕੱਤਰ ਵਜੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉਪਰ ਬਣਦਾ ਮਾਣ ਸਤਿਕਾਰ ਦਿਵਾਉਣ ਦੇ ਮੱਦੇਨਜ਼ਰ ਸਨਮਾਨਿਆ ਗਿਆ।