ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰਮਤਿ ਕਾਲਜ ਵੱਲੋਂ ਅੱਜ ਪੰਜਾਬੀ ਤੇ ਗੁਰਮੁਖੀ ਲਿਪੀ ਦੀ ਅਹਿਮੀਅਤ ਬਾਰੇ ਚਰਚਾ ਕਰਵਾਈ ਗਈ। ਕਾਲਜ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਚਰਚਾ ਵਿੱਚ ਸ਼ਾਮਲ ਵਿਅਕਤੀਆਂ ਨੂੰ ਗੁਰਮੁਖੀ ਲਿਪੀ ਦੇ ਪ੍ਰਚਾਰ ਲਈ ਹਲੂਣਾ ਦਿੱਤਾ ਗਿਆ। ਕਾਲਜ ਦੇ ਇੰਚਾਰਜ ਹਰਜੀਤ ਸਿੰਘ ਨੇ ਇਸ ਮੌਕੇ ਪੰਜਾਬੀਆਂ ਨੂੰ ਆਪਣਾ ਵਿਰਸਾ ਸਾਂਭਣ ਤੇ ਨਵੀਂ ਪਨੀਰੀ ਨੂੰ ਪੰਜਾਬੀ ਨਾਲ ਜੁੜਨ ਦਾ ਸੱਦਾ ਦਿੱਤਾ। ਸ੍ਰੀ ਗੋਲਡੀ ਨੇ ਦੱਸਿਆ ਕਿ ਗੁਰਮਤਿ ਕਾਲਜ ਵੱਲੋਂ ‘ਸ਼ਾਰਟ ਟ੍ਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ’ ਕਰਵਾਇਆ ਜਾਂਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮੌਜੂਦਾ ਆਧੁਨਿਕ ਦੌਰ ਵਿੱਚ ਖੇਤਰੀ ਭਾਸ਼ਾਵਾਂ ਦੀ ਹਾਲਤ ਪਤਲੀ ਹੋ ਰਹੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰਜ਼ੇੈਟੇਸ਼ਨ ਰਾਹੀਂ ਪੰਜਾਬੀ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਗੋਲਡੀ ਨੇ ਦੱਸਿਆ ਕਿ ਸਮਾਗਮ ਵਿੱਚ ਗੁਰਮਤਿ ਕਾਲਜ ਦੇ ਹਰ ਵਰਗ ਦੇ ਵਿਦਿਆਰਥੀ ਜ਼ੂਮ ਐਪ ਰਾਹੀਂ ਜੁੜੇ। ਇਸ ਮੌਕੇ ਕਾਲਜ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।