ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਾਰਚ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਨਾਵਲਕਾਰ ਨਛੱਤਰ ਦੀ ਪੁਸਤਕ ‘‘ਕਵਣੁ ਦੇਸ ਹੈ ਮੇਰਾ’’ ’ਤੇ ਚਰਚਾ ਕਰਵਾਈ ਗਈ। ਇਸ ਪੁਸਤਕ ’ਤੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਉੱਘੇ ਲੇਖਕ ਤੇ ਖੋਜਕਾਰ ਪ੍ਰੋ. ਕਿਰਪਾਲ ਕਜਾਕ ਨੇ ਚਰਚਾ ਕੀਤੀ। ਦੇਸ਼ ਬੰਧੂ ਕਾਲਜ, ਯੂਨੀਵਰਸਿਟੀ ਆਫ਼ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮੁਨੀਸ਼ ਕੁਮਾਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਡਾ. ਰਵੇਲ ਸਿੰਘ ਵੀ ਸ਼ਾਮਲ ਹੋਏ।
ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਜੀ-ਆਇਆਂ ਕਹਿੰਦਿਆਂ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਪੁਸਤਕ ਚਰਚਾ ਦੇ ਇਸ ਪ੍ਰੋਗਰਾਮ ਨਾਲ ਜੁੜਨ ਦਾ ਸੱਦਾ ਦਿੱਤਾ। ਉਪਰੰਤ ਡਾ. ਮੁਨੀਸ਼ ਕੁਮਾਰ ਨੇ ਮੁੱਖ ਵਕਤਿਆਂ ਨਾਲ ਜਾਣ-ਪਛਾਣ ਕਰਾਉਂਦਿਆਂ ਅਜੋਕਾ ਪਰਵਾਸ ਅਤੇ ਉਸ ਦੀਆਂ ਸਮੱਸਿਆਵਾਂ ਨਾਲ ਸਬੰਧਤ ਇਸ ਨਾਵਲ ਬਾਰੇ ਸੰਖੇਪ ’ਚ ਦੱਸਿਆ। ਪ੍ਰੋ. ਕਿਰਪਾਲ ਕਜ਼ਾਕ ਨੇ ਮੌਜੂਦਾ ਮਸਲੇ ਪਰਵਾਸ ਨੂੰ ਨਾਵਲੀ ਬਿਰਤਾਂਤ ’ਚ ਘੜ ਦੀ ਇਸ ਰਚਨਾ ਨੂੰ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਦੱਸਦਿਆਂ ਇਸ ਦੀਆਂ ਰਚਨਾਤਮਕ ਤਹਿਆਂ ਨੂੰ ਫਰੋਲਿਆ। ਉਨ੍ਹਾਂ ਅਨੁਸਾਰ ਨਾਵਲਕਾਰ ਨੇ ਇਸ ਵਿਚ ਨੌਜਵਾਨ ਪੀੜ੍ਹੀ ਦੇ ਪਰਵਾਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਪਰਵਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਵੀ ਬਾਖੂਬੀ ਚਿਤਰਨ ਕੀਤਾ ਹੈ। ਪ੍ਰੋ. ਕਜ਼ਾਕ ਅਨੁਸਾਰ ਇਸ ਨਾਵਲੀ ਬਿਰਤਾਂਤ ’ਚ ਕੁਝ ਵੀ ਵਾਧੂ ਪ੍ਰਤੀਤ ਨਹੀਂ ਹੁੰਦਾ ਸਗੋਂ ਇਕ ਸੰਤੁਲਿਤ ਪਹੁੰਚ ਅਪਨਾਉਂਦਿਆਂ ਨਾਵਲਕਾਰ ਨੇ ਇਸ ਰਚਨਾ ਵਿਚ ਜਿੱਥੇ ਪਰਵਾਸ ਬਾਰੇ ਪ੍ਰਚੱਲਤ ਗਲਤ ਧਾਰਨਾਵਾਂ ਨੂੰ ਸਪਸ਼ਟ ਕੀਤਾ ਹੈ ਉੱਥੇ ਨਾਵਲ ਦਾ ਨਾਇਕ ਪਾਤਰ ਦਲੇਰ ਸਿੰਘ ਦੀ ਸਿਰਜਣਾ ਰਾਹੀਂ ਪਰਵਾਸ ਦੇ ਮਸਲਿਆਂ ਦੀ ਧੁੰਦ ਨੂੰ ਛਾਂਟਦਿਆਂ ਇਸ ਨੂੰ ਇਕ ਮਾਰਮਿਕ ਤੇ ਮੁੱਲਵਾਨ ਰਚਨਾ ਵੀ ਬਣਾਇਆ ਹੈ।
ਡਾ. ਮਹਿਲ ਸਿੰਘ ਨੇ ਨਾਵਲ ਦੀ ਬਣਤਰ ਬਾਰੇ ਵਿਚਾਰ ਰੱਖਦਿਆਂ ਇਸ ਨੂੰ ਇਕ ਸਮੂਹ ਭਾਵੀ ਸਿਰਜਨਾ ਕਿਹਾ ਜਿਸ ਵਿਚ ਇਕ ਕੇਂਦਰੀ ਪਾਤਰ ਨਹੀਂ ਸਗੋਂ ਪਾਤਰਾਂ ਦੇ ਸਮੂਹ ਹਨ। ਉਨ੍ਹਾਂ ਅਨੁਸਾਰ ਇਹ ਇਕ ਸਹਿਜਭਾਵੀ ਬਿਰਤਾਂਤ ਹੈ ਜਿਸ ਵਿਚ ਨਾਵਲਕਾਰ ਨੇ ਪਰਵਾਸ ਦੇ ਮਸਲਿਆਂ ਦੀ ਕਲਾਤਮਕ ਤੇ ਪੁਖਤਾ ਤਸਵੀਰ ਉਘਾੜੀ ਹੈ। ਨਾਵਲ ’ਚ ਪੇਸ਼ ਹੋਏ ਪਰਵਾਸੀ ਮਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੰਜਾਬ ਦੇ ਅਜੋਕੇ ਹਾਲਾਤ ’ਤੇ ਚਿੰਤਾ ਜ਼ਾਹਰ ਕੀਤੀ। ਲੇਖਕ ਨਛੱਤਰ ਨੇ ਕਿਹਾ ਕਿ ਇਸ ਨੂੰ ਲਿਖਣ ਤੋਂ ਪਹਿਲਾਂ ਉਹਨਾਂ ਨਾ ਸਿਰਫ ਪਰਵਾਸ ਨਾਲ ਸਬੰਧਤ ਲਿਖੀਆਂ ਗਈਆਂ ਪੁਸਤਕਾਂ ਦਾ ਅਧਿਐਨ ਹੀ ਕੀਤਾ ਸਗੋਂ ਇੱਥੇ ਤੇ ਬਾਹਰ ਪਰਵਾਸ ਕਰ ਗਏ ਪਾਤਰਾਂ ਨਾਲ ਮੁਲਾਕਾਤ ਕਰਕੇ ਰਚਨਾ ਨੂੰ ਯਥਾਰਥ ਦੇ ਹਾਣ ਦਾ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਸ ਖਾਤਰ ਉਹਨਾਂ ਨੂੰ ਆਪਣੀਆਂ ਪੂਰਬਲੀਆਂ ਰਚਨਾਵਾਂ ਦੇ ਮੁਕਾਬਲੇ ਇਸ ਨੂੰ ਲਿਖਣ ਲਈ ਵਧੇਰੇ ਸਮਾਂ ਤੇ ਮਿਹਨਤ ਕਰਨੀ ਪਈ।
ਅਖੀਰ ’ਚ ਪ੍ਰੋ. ਰਵੇਲ ਸਿੰਘ ਨੇ ਨਛੱਤਰ ਦੀ ਇਸ ਰਚਨਾ ਨੂੰ ਅਜਿਹੀ ਰਚਨਾ ਦੱਸਿਆ ਜਿਸ ਵਿਚ ਉਹ ਇਕ ਸਮਾਜ ਸ਼ਾਸਤਰੀ ਵਾਂਗ ਪਰਵਾਸ ਦੀ ਸਥਿਤੀ ਦੀ ਪੁਣ-ਛਾਣ ਕਰਦਿਆਂ ਸਮੁੱਚੇ ਸਮਾਜ ਦੀ ਤਸਵੀਰ ਨੂੰ ਬੜੀ ਖੂਬਸੂਰਤੀ ਨਾਲ ਸਾਡੇ ਸਾਹਮਣੇ ਲੈ ਕੇ ਆਉਂਦੇ ਹਨ। ਨਾਲ ਹੀ ਉਹਨਾਂ ਨੇ ਇਸ ਆਨਲਾਈਨ ਚਰਚਾ ’ਚ ਸ਼ਾਮਲ ਸਭ ਵਕਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।