ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਸੁਪਰੀਮ ਕੋਰਟ ਵੱਲੋਂ ਦਿੱਲੀ-ਫਰੀਦਾਬਾਦ ਹੱਦ ’ਤੇ ਸੂਰਜਕੁੰਡ ਰੋਡ ਕੋਲ ਪਿੰਡ ਖੋਰੀ ‘ਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਬਣੇ ਕਰੀਬ 10 ਹਜ਼ਾਰ ਮਕਾਨ ਤੋੜਨ ਦੇ ਫ਼ੈਸਲੇ ਤੋਂ ਦੁਖੀ 70 ਸਾਲਾਂ ਦੇ ਗਣੇਸ਼ੀ ਲਾਲ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਸਵੇਰੇ ਇੱਕ ਰੁੱਖ਼ ਨਾਲ ਲਟਕੀ ਮਿਲੀ। ਸੂਰਜਕੁੰਡ ਥਾਣਾ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਸ਼ਿਆਮ ਲਾਲ ਦੀ ਸ਼ਿਕਾਇਤ ’ਤੇ ਇਕ ਪ੍ਰਾਪਰਟੀ ਡੀਲਰ ਖ਼ਿਲਾਫ਼ ਮੁੱਕਦਮਾ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਆਮ ਲਾਲ ਨੇ ਦੱਸਿਆ ਕਿ ਗਣੇਸ਼ੀ ਲਾਲ ਨੇ 15 ਸਾਲ ਪਹਿਲਾਂ ਪਲਾਟ ਇੱਕ ਪ੍ਰਾਪਰਟੀ ਡੀਲਰ ਤੋਂ ਖਰੀਦਿਆ ਸੀ ਤੇ ਉਥੇ ਮਕਾਨ ਦੀ ਉਸਾਰੀ ਵੀ ਕੀਤੀ। ਉਸ ਨੇ ਦੱਸਿਆ ਕਿ ਬੀਤੇ ਮਹੀਨਿਆਂ ਦੌਰਾਨ ਪਤਾ ਲੱਗਾ ਕਿ ਇਲਾਕੇ ਦੇ ਮਕਾਨ ਤੋੜੇ ਜਾਣੇ ਹਨ। ਸ਼ਿਆਮ ਲਾਲ ਮੁਤਾਬਕ ਪ੍ਰਾਪਰਟੀ ਡੀਲਰ ਨੇ ਭਰੋਸਾ ਦਿੱਤਾ ਸੀ ਕਿ ਜ਼ਮੀਨ ਦੀ ਮਲਕੀਅਤ ਹੱਕਦਾਰ ਖਰੀਦਦਾਰ ਹੀ ਰਹੇਗਾ।