ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਰਾਸ਼ਟਰਮੰਡਲ ਖੇਡਾਂ 2022 ਦੌਰਾਨ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪਹਿਲਵਾਨ ਦਿਵਿਆ ਕਾਕਰਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਸ ਨੂੰ ਮਦਦ ਦਾ ਭਰੋਸਾ ਦੇ ਕੇ ਵੀ ਮਦਦ ਨਹੀਂ ਕੀਤੀ ਗਈ। ਦਿਵਿਆ ਵੱਲੋਂ ਅਜਿਹਾ ਆਖਣ ਮਗਰੋਂ ਭਾਜਪਾ ਦੇ ਆਗੂਆਂ ਨੇ ਵੀ ਕੇਜਰੀਵਾਲ ’ਤੇ ਨਿਸ਼ਾਨਾ ਬਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਦਿਵਿਆ ਮੁਤਾਬਕ ਉਹ ਏਸ਼ੀਆ ਵਿੱਚ ਤਗ਼ਮਾ ਜਿੱਤਣ ਮਗਰੋਂ 2017 ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਸੀ ਤੇ ਮਦਦ ਲਈ ਲਿਖਤੀ ਬੇਨਤੀ ਕੀਤੀ। ਉਨ੍ਹਾਂ ਮਦਦ ਦਾ ਭਰੋਸਾ ਦਿੱਤਾ ਪਰ ਕਿਸੇ ਉਨ੍ਹਾਂ ਕੋਈ ਮਦਦ ਨਹੀਂ ਕੀਤੀ। ਪਹਿਲਵਾਨ ਨੇ ਯੂਪੀ ਸਰਕਾਰ ਦੀ ਪ੍ਰਸੰਸਾ ਕੀਤੀ ਕਿ 2019 ਵਿੱਚ ਰਾਣੀ ਲਕਸ਼ਮੀ ਬਾਈ ਪੁਰਸਕਾਰ ਦਿੱਤਾ ਤੇ 2020 ਵਿੱਚ ਉਮਰ ਭਰ ਦੀ ਪੈਨਸ਼ਨ ਲਾਈ। ਬੀਤੇ ਦਿਨ 50 ਲੱਖ ਰੁਪਏ ਤੇ ਗਜ਼ਟਿਡ ਅਫਸਰ ਦਾ ਰੈਂਕ ਦਾ ਅਹੁਦਾ ਦੇਣ ਦਾ ਐਲਾਨ ਵੀ ਕੀਤਾ। ਉਸ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਵੀ ਮਦਦ ਕੀਤੀ ਪਰ ਦਿੱਲੀ ਸਰਕਾਰ ਨੇ ਕੁੱਝ ਨਹੀਂ ਕੀਤਾ। ਖਿਡਾਰਨ ਨੇ ਕਿਹਾ ਕਿ ਉਸ ਨੇ ਦਿੱਲੀ ਲਈ 58 ਮੈਡਲ ਜਿੱਤੇ। ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਬੀਤੇ 7 ਸਾਲਾਂ ਦੌਰਾਨ ਖਿਡਾਰੀਆਂ ਲਈ ਕੁੱਝ ਨਹੀਂ ਕੀਤਾ। ਹੁਣਖਿਡਾਰੀ ਸਾਹਮਣੇ ਆ ਰਹੇ ਹਨ ਤੇ ਇੱਕ ਖਿਡਾਰਨ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਕੋਈ ਸਮਰਥਨ ਨਹੀਂ ਮਿਲਿਆ। ਸਾਬਕਾ ਕ੍ਰਿਕਟਰ ਨੇ ਕਿਹਾ ਕਿ ਦਿੱਲੀ ਸਰਕਾਰ ਇਸ਼ਤਿਹਾਰ ਹੀ ਵੱਡੇ-ਵੱਡੇ ਦਿੰਦੀ ਹੈ। ਖੇਡ ਯੂਨੀਵਰਸਿਟੀ ਅਜੇ ਤੱਕ ਨਹੀਂ ਖੋਲ੍ਹੀ ਤੇ ਕੰਮ ਨਾ ਕਰਨ ਦੇਣ ਦਾ ਦੋਸ਼ ਕੇਂਦਰ ਸਰਕਾਰ ਉਪਰ ਲਾਉਂਦੀ ਹੈ। ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਵੀ ਦੋਸ਼ ਲਾਇਆ ਕਿ ‘ਆਪ’ ਦੀ ਸੋਸ਼ਲ ਮੀਡੀਆ ਟੀਮ ਨੇ ਕਾਕਰਾਨ ਦੀ ਆਲੋਚਨਾ ਕੀਤੀ ਤੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਖਿਡਾਰਨ ਨੂੰ ਦਿੱਲੀ ਦੀ ਨੁਮਾਇੰਦਗੀ ਦਾ ਸਰਟੀਫਿਕੇਟ ਦਿਖਾਉਣ ਲਈ ਕਿਹਾ। ਇਹ ਖਿਡਾਰਨ ਦਾ ਅਪਮਾਨ ਹੈ।
‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਸਵਾਲ ਕੀਤਾ ਸੀ ਕਿ ਕੀ ਉਹ ਦਿੱਲੀ ਦੀ ਨੁਮਾਇੰਦਗੀ ਕਰਦੀ ਹੈ? ਭਾਰਦਵਾਜ ਨੇ ਟਵੀਟ ਕੀਤਾ ਸੀ , ‘ਭੈਣ ਪੂਰੇ ਦੇਸ਼ ਨੂੰ ਤੁਹਾਡੇ ’ਤੇ ਮਾਣ ਹੈ। ਪਰ ਮੈਨੂੰ ਯਾਦ ਨਹੀਂ ਕਿ ਤੁਸੀਂ ਦਿੱਲੀ ਲਈ ਖੇਡਦੇ ਹੋ। ਤੁਸੀਂ ਹਮੇਸ਼ਾ ਉੱਤਰ ਪ੍ਰਦੇਸ਼ ਲਈ ਖੇਡਦੇ ਰਹੇ ਹੋ। ਪਰ ਦੇਸ਼ ਦਾ ਖਿਡਾਰੀ ਹੈ। ਤੁਹਾਨੂੰ ਯੋਗੀ ਆਦਿੱਤਿਆਨਾਥ ਤੋਂ ਸਨਮਾਨ ਦੀ ਉਮੀਦ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਨਿਸ਼ਚਿਤ ਤੌਰ ’ਤੇ ਤੁਹਾਡੀ ਗੱਲ ਸੁਣਨਗੇ।’