ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਨਵੰਬਰ
ਕੇਜਰੀਵਾਲ ਸਰਕਾਰ ਨੇ ਦੀਵਾਲੀ ’ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਆਪਣੇ 80 ਹਜ਼ਾਰ ਕਰਮਚਾਰੀਆਂ ਨੂੰ 7-7 ਹਜ਼ਾਰ ਰੁਪਏ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਬੋਨਸ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀਵਾਲੀ ’ਤੇ ਗਰੁੱਪ-ਬੀ ਦੇ ਨਾਨ-ਗਜ਼ਟਿਡ ਅਤੇ ਗਰੁੱਪ-ਸੀ ਦੇ ਕਰਮਚਾਰੀਆਂ ਨੂੰ ਇਹ ਬੋਨਸ ਦੇਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਜਨਤਕ ਸੇਵਾਵਾਂ ਸਮੇਤ ਸਾਰੇ ਖੇਤਰਾਂ ਵਿੱਚ ਕੀਤੇ ਗਏ ਸ਼ਾਨਦਾਰ ਕੰਮ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰ ਨੇ ਹਮੇਸ਼ਾ ਆਪਣੇ ਕਰਮਚਾਰੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਯਤਨ ਕੀਤੇ ਹਨ ਅਤੇ ਇਹ ਕੋਸ਼ਿਸ਼ ਭਵਿੱਖ ਵਿੱਚ ਵੀ ਜਾਰੀ ਰਹੇਗੀ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਨ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ, ‘‘ਦਿੱਲੀ ਸਰਕਾਰ ਵਿੱਚ ਕੰਮ ਕਰਦੇ ਸਾਰੇ ਕਰਮਚਾਰੀ ਸਾਡਾ ਪਰਿਵਾਰ ਹਨ ਅਤੇ ਅੱਜ ਮੈਂ ਉਨ੍ਹਾਂ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਹਾਂ। ਇਹ ਤਿਉਹਾਰਾਂ ਦਾ ਮਹੀਨਾ ਹੈ। ਇਸ ਤਿਉਹਾਰੀ ਸੀਜ਼ਨ ਵਿੱਚ ਅਸੀਂ ਆਪਣੇ ਸਾਰੇ ਗਰੁੱਪ ਬੀ ਨਾਨ-ਗਜ਼ਟਿਡ ਅਤੇ ਗਰੁੱਪ ਸੀ ਕਰਮਚਾਰੀਆਂ ਨੂੰ 7,000 ਰੁਪਏ ਦਾ ਬੋਨਸ ਦੇ ਰਹੇ ਹਾਂ। ਅਸੀਂ ਇਹ ਫੈਸਲਾ ਦਿੱਲੀ ਸਰਕਾਰ ਵੱਲੋਂ ਲਿਆ ਹੈ। ਇਸ ਸਮੇਂ ਦਿੱਲੀ ਸਰਕਾਰ ਵਿੱਚ ਗਰੁੱਪ ਬੀ ਦੇ ਨਾਨ-ਗਜ਼ਟਿਡ ਅਤੇ ਗਰੁੱਪ ਸੀ ਦੇ ਕਰੀਬ 80 ਹਜ਼ਾਰ ਕਰਮਚਾਰੀ ਹਨ। ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਬੋਨਸ ਦੇਣ ’ਤੇ 56 ਕਰੋੜ ਰੁਪਏ ਖਰਚ ਆਵੇਗਾ।’’