ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਨੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਹੀਦਾਂ ਦੇ ਨਾਂ ‘ਤੇ ਆਪਣੀ ਰਾਜਨੀਤੀ ਚਮਕਾਉਣਾ ਬੰਦ ਕਰ ਦੇਣ ਕਿਉਂਕਿ ਉਨ੍ਹਾਂ ਦੇ ਇਨ੍ਹਾਂ ਯਤਨਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ।
ਸ੍ਰੀ ਗੋਲਡੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇੇਟੀ ਨੇ ਮੰਡੀ ਹਾਊਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੁੱਤ ਦੀ ਸਾਂਭ ਸੰਭਾਲ ਦੀ ਸੇਵਾ ਐੱਨਜੀਓ ਭਾਈ ਮਤੀਦਾਸ ਸੇਵਾ ਸਿਮਰਨ ਸੁਸਾਇਟੀ ਨੂੰ ਦਿੱਤੀ ਹੈ। ਇਹ ਬੁੱਤ 2016 ਵਿੱਚ ਕਮੇਟੀ ਵੱਲੋਂ ਲਗਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀਕੇ ਪਿਛਲੇ ਚਾਰ ਸਾਲਾਂ ਵਿੱਚ ਇਕ ਵਾਰ ਵੀ ਇਸ ਬੁੱਤ ਨੂੰ ਵੇਖਣ ਨਹੀਂ ਗਏ ਪਰ ਜਿਸ ਦਿਨ ਭਾਈ ਮਤੀ ਦਾਸ ਸਿਮਰਨ ਸੁਸਾਇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਵਾਲੇ ਇਸ ਸਥਾਨ ਦੀ ਸਫਾਈ ਕਰ ਕੇ ਇਥੇ ਪਵਿੱਤਰਤਾ ਬਹਾਲ ਕੀਤੀ । ਇਸ ਸੇਵਾ ਦੀਆਂ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ ਕਿਉਂਕਿ ਸਿੱਖਾਂ ਨੇ ਇਸ ਸਾਫ ਸਫ਼ਾਈ ਦੀ ਬਹੁਤ ਸ਼ਲਾਘਾ ਕੀਤੀ ਪਰ ਜਿਵੇਂ ਹੀ ਮਨਜੀਤ ਸਿੰਘ ਜੀਕੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੰਡੀ ਹਾਊਸ ਬੁੱਤ ‘ਤੇ ਪਹੁੰਚ ਗਏ ਤੇ ਆਪਣੇ ਘਟੀਆ ਭਾਸ਼ਨ ਨਾਲ ਆਪਣੀ ਰਾਜਨੀਤੀ ਚਮਕਾਉਣ ਲੱਗ ਪਏ।