ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਮਰਹੂਮ ਡਾ. ਜਾਵੇਦ ਅਲੀ (42 ਸਾਲ) ਦੇ ਵਾਰਸਾਂ ਨੂੰ ਇਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇਗਾ। ਡਾ. ਅਲੀ ਦੀ ਮੌਤ ਕਰੋਨਾਵਾਇਰਸ ਦੀ ਲਾਗ ਲੱਗਣ ਕਾਰਨ ਮੰਗਲਵਾਰ ਨੂੰ ਹੋ ਗਈ ਸੀ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ‘ਕਰੋਨਾ ਯੋਧਾ’ ਡਾ. ਜਾਵੇਦ ਅਲੀ ਦੇ ਪਰਿਵਾਰ ਨੂੰ ਦਿੱਲੀ ਸਰਕਾਰ ਵੱਲੋਂ ਐਲਾਨੀ ਗਈ ਯੋਜਨਾ ਤਹਿਤ ਇਹ ਰਕਮ ਦਿੱਤੀ ਜਾਵੇਗੀ। ਉਹ ਨੈਸ਼ਨਲ ਸਿਹਤ ਮਿਸ਼ਨ ਤਹਿਤ ਸੇਵਾਵਾਂ ਦੇ ਕੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਇਸ ਤੋਂ ਪਹਿਲਾਂ ਡਾ. ਅਸੀਮ ਗੁਪਤਾ ਦੇ ਵਾਰਸਾਂ ਨੂੰ ਵੀ ਇਕ ਕਰੋੜ ਦੀ ਰਕਮ ਦਿੱਤੀ ਗਈ ਸੀ। ਡਾ. ਜਾਵੇਦ ਅਲੀ ਇਕਾਂਤਵਾਸ ਕੇਂਦਰਾਂ ਸਮੇਤ ਸੀਰੋ ਸਰਵੇਖਣ ਨਾਲ ਵੀ ਜੁੜੇ ਰਹੇ ਸਨ। -ਪੱਤਰ ਪ੍ਰੇਰਕ