ਕੁਲਦੀਪ ਸਿੰਘ਼
ਨਵੀਂ ਦਿੱਲੀ, 22 ਜੂਨ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਡਾ. ਪ੍ਰਿਆ ਅਟਵਾਲ ਦੀ ਪੁਸਤਕ ‘ਰੌਇਲਜ਼ ਐਂਡ ਰਬਿੈਲਜ਼’ ’ਤੇ ਪ੍ਰੋਫ਼ੈਸਰ ਇੰਦੂ ਬਾਂਗਾ ਅਤੇ ਸੈਂਟਰ ਫਾਰ ਮੀਡੀਆ ਸਟੱਡੀਜ਼, ਜੇ.ਐਨ.ਯੂ. ਤੋਂ ਪ੍ਰੋ. ਰਾਕੇਸ਼ ਬਾਟਾਬਿਆਲ ਨੇ ਲੈਕਚਰ ਦਿੱਤਾ। ਮੰਚ ਸੰਚਾਲਨ ਐਸੋਸੀਏਟ ਪ੍ਰੋਫ਼ੈਸਰ, ਦਿਆਲ ਸਿੰਘ ਈਵਨਿੰਗ ਕਾਲਜ, ਯੂਨੀਵਰਸਿਟੀ ਆਫ਼ ਦਿੱਲੀ ਤੋਂ ਡਾ. ਮਾਧੁਰੀ ਚਾਵਲਾ ਨੇ ਕੀਤਾ। ਡਾ. ਪ੍ਰਿਆ ਅਟਵਾਲ ਨੇ ਵੀ ਇਸ ਚਰਚਾ ’ਚ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ, ਸਿੱਖ ਇਤਿਹਾਸਕਾਰ ਡਾ. ਜਗਤਾਰ ਸਿੰਘ ਗਰੇਵਾਲ ਤੇ ਹੋਰ ਵਿਦਵਾਨਾਂ ਨੇ ਵੀ ਆਨਲਾਈਨ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਕਰੋਨਾ ਸੰਕਟ ਦੇ ਸਮੇਂ ਆਨਲਾਈਨ ਚਲ ਰਹੀਆਂ ਸਦਨ ਦੀਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਹਾਜ਼ਰੀਨ ਦਾ ਸਵਾਗਤ ਕੀਤਾ। ਡਾ. ਮਾਧੁਰੀ ਚਾਵਲਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਾਇਮੀ ਅਤੇ ਪਤਨ ਬਾਰੇ ਲਿਖੀ ਇਸ ਪੁਸਤਕ ਸਬੰਧੀ ਜਾਣਕਾਰੀ ਦਿੱਤੀ। ਪ੍ਰੋ. ਇੰਦੂ ਬਾਂਗਾ ਅਨੁਸਾਰ ਇਸ ਸਿਰਜਣਾ ’ਚ ਔਰਤ ਦੀ ਸ਼ਖ਼ਸੀਅਤ ਤੇ ਉਸ ਦੇ ਰਾਜਨੀਤਕ ਰੋਲ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ਪੁਸਤਕ ’ਚ ਖ਼ਾਲਸਾ ਫੌਜ ਅਤੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਪ੍ਰਸੰਗ ਵਧੀਆ ਹਨ ਪਰ ਪੁਸਤਕ ਦਾ ਹੋਰ ਸਰੋਤਾਂ ’ਤੇ ਨਿਰਭਰ ਹੋਣਾ, ਸਿੱਖ ਤੇ ਪੰਜਾਬੀ ਨੂੰ ਇੱਕੋ ਅਰਥਾਂ ’ਚ ਵਰਤ ਲੈਣਾ, ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦਾਂ ਦੇ ਰੋਲ ਨੂੰ ਇੱਕੋ ਜਿਹਾ ਸਮਝ ਲੈਣਾ ਆਦਿ ਅਜਿਹੇ ਪੱਖ ਹਨ ਜਿਨ੍ਹਾਂ ’ਤੇ ਲੇਖਿਕਾ ਨੂੰ ਪੁਨਰ-ਚਿੰਤਨ ਦੀ ਲੋੜ ਹੈ। ਉਨ੍ਹਾਂ ਅਨੁਸਾਰ ਭਾਰਤੀ ਇਤਿਹਾਸਕਾਰਾਂ ਅਤੇ ਵਿਦੇਸ਼ੀ ਇਤਿਹਾਸਕਾਰਾਂ ਦੇ ਦ੍ਰਿਸ਼ਟੀਕੋਣ ਵਿਚ ਬਹੁਤ ਫ਼ਰਕ ਹੈ। ਇਹ ਵੀ ਇਕ ਕਾਰਨ ਹੈ ਕਿ ਇਤਿਹਾਸਕ ਗੱਲਾਂ ਦਾ ਸਹੀ ਤਰ੍ਹਾਂ ਨਬਿੇੜਾ ਨਹੀਂ ਹੁੰਦਾ। ਇਸ ਲਈ ਜਰੂਰਤ ਹੈ ਮੁੱਖ ਸ੍ਰੋਤਾਂ ਅਤੇ ਭਾਰਤੀ ਵਿਚਾਰਵਾਨਾਂ ਨਾਲ ਜ਼ਰੂਰ ਰਾਬਤਾ ਬਣਾਇਆ ਜਾਏ। ਅਖ਼ੀਰ ’ਚ ਡਾ. ਰਵੇਲ ਸਿੰਘ ਨੇ ਇਸ ਆਨਲਾਈਨ ਚਰਚਾ ’ਚ ਵਿਸ਼ੇਸ਼ ਤੌਰ ਤੇ ਸ਼ਾਮਲ ਡਾ. ਮਨਮੋਹਨ ਸਿੰਘ, ਜਨਰਲ ਜੋਗਿੰਦਰ ਸਿੰਘ, ਡਾ. ਜਗਤਾਰ ਸਿੰਘ ਗਰੇਵਾਲ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।