ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
‘ਆਪ’ ਦੇ ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਐੱਮਸੀਡੀ ਇਸ ਸਾਲ ਵੀ ਨਾਲਿਆਂ ਦੀ ਸਫ਼ਾਈ ਨਾ ਕਰਕੇ ਦਿੱਲੀ ਨੂੰ ਡੁਬਾਉਣਾ ਚਾਹੁੰਦੀ ਹੈ। ਦਿੱਲੀ ਵਿੱਚ ਮੌਨਸੂਨ ਕਿਸੇ ਵੀ ਸਮੇਂ ਆ ਸਕਦਾ ਹੈ ਪਰ ਐਮਸੀਡੀ ਨੇ ਅਜੇ ਤੱਕ ਇਸ ਦੇ ਹੇਠਾਂ ਡਰੇਨਾਂ ਦੀ ਸਫ਼ਾਈ ਸ਼ੁਰੂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਡਰੇਨਾਂ ਦੀ ਸਫ਼ਾਈ ਲਈ ਜੇਸੀਬੀ ਦੀ ਘਾਟ ਕਾਰਨ ਐੱਮਸੀਡੀ ਨੂੰ ਜੇਸੀਬੀ ਕਿਰਾਏ ’ਤੇ ਲੈਣੀਆਂ ਪਈਆਂ ਹਨ। ਹੁਣ ਤੱਕ ਜੇਸੀਬੀ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਪਰ ਉਨ੍ਹਾਂ ਨੇ ਇਹ ਸਾਰੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ। ਦੁਰਗੇਸ਼ ਪਾਠਕ ਨੇ ਐਮਸੀਡੀ ਤੋਂ ਮੰਗ ਕੀਤੀ ਹੈ ਕਿ 60 ਫੁੱਟ ਤੋਂ ਛੋਟੇ ਸਾਰੇ ਡਰੇਨਾਂ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇ।
ਅੱਜ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ’ਚ ਪਾਠਕ ਨੇ ਕਿਹਾ ਕਿ ਮੌਸਮ ਵਿਭਾਗ ਦੇ ਮੁਤਾਬਕ 5 ਜੂਨ ਤੋਂ ਬਾਅਦ ਦਿੱਲੀ ’ਚ ਮੌਨਸੂਨ ਕਿਸੇ ਵੀ ਸਮੇਂ ਆ ਸਕਦੀ ਹੈ। ਦਿੱਲੀ ਦੇ ਸਾਰੇ 60 ਫੁੱਟ ਅਤੇ ਇਸ ਤੋਂ ਛੋਟੇ ਨਾਲੇ ਐਮਸੀਡੀ ਅਧੀਨ ਆਉਂਦੇ ਹਨ। ਮਾਨਸੂਨ ਦੇ ਸਿਰਫ਼ 10-15 ਦਿਨ ਬਾਕੀ ਹਨ। ਜਦੋਂ ਕਿ ਇਨ੍ਹਾਂ ਡਰੇਨਾਂ ਦੀ ਸਫ਼ਾਈ ਦਾ ਕੰਮ ਹੁਣ ਤੱਕ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਅਜੇ ਤੱਕ ਐਮਸੀਡੀ ਨੇ ਸਫ਼ਾਈ ਸ਼ੁਰੂ ਨਹੀਂ ਕੀਤੀ। ਛੋਟੇ ਜਾਂ ਵੱਡੇ ਸਾਰੇ ਡਰੇਨਾਂ ਲਈ 1000 ਤੋਂ ਵੱਧ ਜੇਸੀਬੀ ਦੀ ਲੋੜ ਹੈ। ਇਨ੍ਹਾਂ ਤਿੰਨਾਂ ਕਾਰਪੋਰੇਸ਼ਨਾਂ ਕੋਲ ਵੀ 50 ਤੋਂ ਵੱਧ ਜੇਸੀਬੀ ਉਪਲਬਧ ਨਹੀਂ ਹਨ।
ਡਰੇਨਾਂ ਦਾ 75 ਫ਼ੀਸਦੀ ਕੰਮ ਲੋਕ ਨਿਰਾਮਣ ਵਿਭਾਗ ਕੋਲ: ਭਾਜਪਾ
ਭਾਜਪਾ ਬੁਲਾਰੇ ਪ੍ਰਵੀਨ ਨੇ ਕਿਹਾ ਕਿ ਸ੍ਰੀ ਪਾਠਕ ਦਾ ਬਿਆਨ ਸਰਾਸਰ ਝੂਠ ਹੈ ਕਿਉਂਕਿ ਦਿੱਲੀ ਦੇ ਬਾਰਾਪੁਲਾ, ਨਜ਼ਫਗੜ੍ਹ, ਪੂਰਬੀ ਡਰੇਨਾਂ ਸਮੇਤ 30 ਫੁੱਟ ਤੋਂ ਵੱਧ ਚੌੜੀਆਂ ਸੜਕਾਂ ਦੇ ਸਾਰੇ ਡਰੇਨਾਂ ਯਾਨੀ ਦਿੱਲੀ ਦੀਆਂ 75 ਫ਼ੀਸਦੀ ਨਾਲੀਆਂ ਲੋਕ ਨਿਰਮਾਣ ਵਿਭਾਗ, ਜਲ ਬੋਰਡ ਅਤੇ ਹੜ੍ਹ ਵਿਭਾਗ ਅਧੀਨ ਆਉਂਦੀਆਂ ਹਨ ਜਦੋਂਕਿ ਕਲੋਨੀਆਂ ਦੀਆਂ ਸਿਰਫ਼ ਛੋਟੀਆਂ ਨਾਲੀਆਂ ਹੀ ਨਗਰ ਨਿਗਮ ਦੇ ਅਧੀਨ ਹਨ। ਅੱਜ ਖਤਮ ਹੋਏ ਤਿੰਨਾਂ ਨਗਰ ਨਿਗਮਾਂ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੇ ਮੇਅਰਾਂ ਵੱਲੋਂ ਆਖਰੀ ਕੰਮ ਨਿਗਮ ਖੇਤਰ ਦੇ ਨਾਲਿਆਂ ਦੀ ਸਫਾਈ ਸ਼ੁਰੂ ਕਰਵਾਉਣ ਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਮੌਨਸੂਨ ਦਿੱਲੀ ਵਿੱਚ ਜੁਲਾਈ ਵਿੱਚ ਪਹੁੰਚਦਾ ਹੈ।