ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜਨਵਰੀ
ਦਿੱਲੀ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਨੇੜੇ ਸਟੇਜ ’ਤੇ ਨਿਰਦੇਸ਼ਕ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਸਿਰਜਣਾ ਆਰਟ ਗਰੁੱਪ ਰਾਏਕੋਟ ਦੀ ਟੀਮ ਵੱਲੋਂ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨਾਟਕ ਖੇਡਿਆ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਈ ਮਹੀਨਿਆਂ ਤੋਂ ਬਰਫ਼ੀਲੀਆਂ ਰਾਤਾਂ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਮੀਟਿੰਗਾਂ ’ਤੇ ਮੀਟਿੰਗਾਂ ਕਰ ਕੇ ਕਦੇ ਸਬ ਕਮੇਟੀ ਬਣਾ ਲਓ, ਕਦੇ ਸੁਪਰੀਮ ਕੋਰਟ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਕਾਨੂੰਨਾਂ ਨੂੰ ਡੇਢ ਸਾਲ ਤੱਕ ਮੁਅੱਤਲ ਕਰਨ ਦੇ ਬੇਤੁਕੇ ਬਹਾਨੇ ਹੇਠ ਘੋਲ ਨੂੰ ਲਮਕਾ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨ ਕਾਨੂੰਨ ਰੱਦ ਕਰਨ, ਸਾਰੇ ਦੇਸ਼ ’ਚ ਸਾਰੀਆਂ ਕਿਸਾਨੀ ਫਸਲਾਂ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਸਾਰੇ ਦੇਸ਼ ਦੇ ਸਾਰੇ ਲੋੜਵੰਦ ਲੋਕਾਂ ਲਈ ਮਜ਼ਬੂਤ ਕਰਨ ਤੱਕ ਦਾ ਦਿੜ੍ਰ ਇਰਾਦਾ ਕਰ ਕੇ ਸੰਘਰਸ਼ ਵਿੱਚ ਡਟੇ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨਾਂ ਨੂੰ ਸਾਲ ਜਾਂ ਡੇਢ ਸਾਲ ਮੁਅੱਤਲ ਕਰਨ ਨਾਲ ਕਿਸਾਨਾਂ ਦੇ ਸਿਰ ’ਤੇ ਤਲਵਾਰ ਤਾਂ ਉਸੇ ਤਰ੍ਹਾਂ ਲਟਕਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਪਿੱਛੇ ਨਹੀਂ ਹਟਣਗੇ। ਕਿਸਾਨ ਜਥੇਬੰਦੀਆਂ ਵੱਲੋਂ 26 ਮਾਰਚ ਨੂੰ ਕੀਤੇ ਜਾ ਰਹੇ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਤਿਆਰੀ ਲਈ ਪੰਜਾਬ ਦੇ ਪਿੰਡਾਂ ਵਿੱਚ ਟਰੈਕਟਰ ਪਰੇਡ ਦੀ ਰਿਹਰਸਲ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀ ਹੈ, ਜਿਹੜੀ 26 ਜਨਵਰੀ ਨੂੰ ਕੀਤੇ ਜਾਣ ਵਾਲੇ ਅਮਨ ਅਮਾਨ ਨਾਲ ਮਾਰਚ ਨੂੰ ਸਫ਼ਲ ਬਣਾਏਗੀ। ਅੱਜ ਦੀ ਸਟੇਜ ਤੋਂ ਰੈੱਡ ਆਰਟ ਪੰਜਾਬੀ ਯੁਨੀਵਰਸਿਟੀ ਵੱਲੋਂ ਨਾਟਕ ‘ਹੱਕ ਕਿਸਾਨਾਂ ਦੇ’ ਵੀ ਖੇਡਿਆ ਗਿਆ। ਅੱਜ ਦੇ ਬੁਲਾਰਿਆਂ ’ਚ ਜਸਵੰਤ ਸਿੰਘ ਤੋਲਾਵਾਲ, ਸੁਦਾਗਰ ਸਿੰਘ ਖੁਡਾਣੀ, ਟਰੇਡ ਯੂਨੀਅਨ ਕੌਂਸਲ ਦੇ ਸਕੱਤਰ ਕੇਵਲ ਸਿੰਘ ਹਜਾਰਾ, ਟਰੱਸਟੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋ ਚਰੰਜੀ ਲਾਲ ਕੰਗਣੀਵਾਲ, ਕਿਸਾਨ ਆਗੂ ਪਰਮਜੀਤ ਕੌਰ ਸਮੂਰਾ, ਤਰਕਸ਼ੀਲ ਆਗੂ ਮਾਸਟਰ ਮੇਘ ਰਾਜ ਰੱਲਾ, ਤਸਵੀਰ ਫੋਗਾਟ ਹਰਿਆਣਾ ਨੇ ਵੀ ਸੰਬੋਧਨ ਕੀਤਾ।